ਚੰਡੀਗੜ੍ਹ, 27 ਅਪ੍ਰੈਲ 2024: ਸ਼ਨੀਵਾਰ ਨੂੰ ਭਾਰਤ ਵੱਲ ਆ ਰਹੇ ਇਕ ਸਮੁੰਦਰੀ ਜਹਾਜ਼ ‘ਤੇ ਮਿਜ਼ਾਈਲ ਨਾਲ ਹਮਲੇ ਦੀ ਖ਼ਬਰ ਹੈ, ਦੱਸਿਆ ਜਾ ਰਿਹਾ ਹੈ ਕਿ ਯਮਨ ਦੇ ਹੂਤੀ ਬਾਗੀਆਂ ਨੇ ਇਹ ਹਮਲਾ ਕੀਤਾ ਹੈ ਇਸ ਜਹਾਜ਼ ‘ਤੇ ਹਮਲਾ ਲਾਲ ਸਾਗਰ (Red Sea) ਵਿੱਚ ਕੀਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਹੂਤੀ ਬਾਗੀ ਪਿਛਲੇ ਕਈ ਮਹੀਨਿਆਂ ਤੋਂ ਲਾਲ ਸਾਗਰ ਅਤੇ ਅਦਨ ਦੀ ਖਾੜੀ ਤੋਂ ਲੰਘਣ ਵਾਲੇ ਜਹਾਜ਼ਾਂ ‘ਤੇ ਹਮਲੇ ਕਰ ਰਹੇ ਹਨ। ਬ੍ਰਿਟੇਨ ਦੀ ਸਮੁੰਦਰੀ ਸੁਰੱਖਿਆ ਫਰਮ ਐਂਬਰੇ ਨੇ ਕਿਹਾ ਹੈ ਕਿ ਹਮਲੇ ਕਾਰਨ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ।
ਐਂਬਰੇ ਦੇ ਮੁਤਾਬਕ ਜਿਸ ਜਹਾਜ਼ ‘ਤੇ ਹਮਲਾ ਹੋਇਆ ਹੈ, ਉਹ ਪਨਾਮਾ ਦਾ ਝੰਡਾ ਵਾਲਾ ਹੈ, ਪਰ ਇਹ ਜਹਾਜ਼ ਬ੍ਰਿਟਿਸ਼ ਕੰਪਨੀ ਦੀ ਮਲਕੀਅਤ ਹੈ। ਹਾਲਾਂਕਿ, ਕਿਹਾ ਜਾ ਰਿਹਾ ਹੈ ਕਿ ਇਹ ਜਹਾਜ਼ ਹਾਲ ਹੀ ਵਿੱਚ ਵੇਚਿਆ ਗਿਆ ਸੀ ਅਤੇ ਹੁਣ ਇਹ ਜਹਾਜ਼ ਸੇਸ਼ੇਲਸ ਦੀ ਇੱਕ ਕੰਪਨੀ ਦੀ ਮਲਕੀਅਤ ਹੈ। ਜਿਸ ਜਹਾਜ਼ ‘ਤੇ ਹਮਲਾ ਕੀਤਾ ਗਿਆ, ਉਹ ਤੇਲ ਦਾ ਟੈਂਕਰ ਹੈ ਅਤੇ ਇਹ ਪ੍ਰਿਮੋਰਸਕ, ਰੂਸ ਤੋਂ ਭਾਰਤ ਦੇ ਵਾਡਿਨਾਰ ਵੱਲ (Red Sea) ਆ ਰਿਹਾ ਸੀ।