industry

ਓ.ਟੀ.ਐਸ-2023 ਸਕੀਮ ਸਬੰਧੀ ਸਨਅਤ ਅਤੇ ਵਪਾਰਕ ਅਦਾਰੇ ਦੇ ਪ੍ਰਤੀਨਿਧੀਆਂ ਅਤੇ ਬਾਰ ਐਸੋਸੀਏਸ਼ਨ ਨਾਲ ਕੀਤੀ ਬੈਠਕ

ਸ੍ਰੀ ਮੁਕਤਸਰ ਸਾਹਿਬ 13 ਫਰਵਰੀ 2024: ਕਪਿਲ ਜ਼ਿੰਦਲ, ਸਹਾਇਕ ਕਮਿਸ਼ਨਰ ਰਾਜ ਕਰ, ਸ੍ਰੀ ਮੁਕਤਸਰ ਸਾਹਿਬ ਵੱਲੋ ਪੰਜਾਬ ਸਰਕਾਰ ਦੁਆਰਾ ਇੰਡਸਟਰੀ (industry) ਅਤੇ ਵਪਾਰਕ ਖੇਤਰ ਨੂੰ ਰਾਹਤ ਦੇਣ ਦੇ ਮੰਤਵ ਨਾਲ ਲਿਆਂਦੀ ਗਈ ਓ.ਟੀ.ਐਸ-2023 ਸਕੀਮ ਸਬੰਧੀ ਉਦਯੋਗਿਕ ਅਤੇ ਵਪਾਰਕ ਖੇਤਰ ਦੇ ਪ੍ਰਤੀਨਿਧੀਆਂ ਅਤੇ ਬਾਰ ਐਸੋਸੀਏਸ਼ਨ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਓ.ਟੀ.ਐਸ-2023 ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ ਬਾਰੇ ਵਪਾਰੀਆਂ ਅਤੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਜਾਣੂੰ ਕਰਵਾਇਆ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿੰਦਲ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਵੱਲੋਂ 15 ਮਾਰਚ 2024 ਤੱਕ ਲਾਗੂ ਹੈ।

ਉਹਨਾਂ ਦੱਸਿਆ ਕਿ ਇਸ ਸਕੀਮ ਅਧੀਨ 1 ਲੱਖ ਤੋਂ ਹੇਠਾਂ ਦੇ ਸਾਰੇ ਬਕਾਏ ਪੰਜਾਬ ਸਰਕਾਰ ਦੁਆਰਾ ਮੁਆਫ਼ ਕਰ ਦਿੱਤੇ ਗਏ ਹਨ ਅਤੇ 1 ਲੱਖ ਤੋਂ 1 ਕਰੋੜ ਤੱਕ ਦੇ ਬਕਾਇਆ ਵਿੱਚ ਸਿਰਫ਼ ਟੈਕਸ ਦੀ ਰਕਮ ਦਾ 50 ਪ੍ਰਤੀਸ਼ਤ ਅਦਾ ਕਰਕੇ ਵਪਾਰੀ ਇਸ ਸਕੀਮ ਦਾ ਲਾਭ ਉਠਾ ਸਕਦੇ ਹਨ ਅਤੇ ਇਹ ਵੀ ਦੱਸਿਆ ਗਿਆ ਕਿ ਇਸ ਸਕੀਮ ਵਿੱਚ ਬਕਾਏ ਤੇ 31 ਮਾਰਚ 2023 ਤੱਕ ਵਿਆਜ਼ ਦੀ ਗਣਨਾ ਕਰਨੀ ਜ਼ਰੂਰੀ ਹੈ।

ਇਸ ਬੈਠਕ ਵਿੱਚ ਵੱਖ ਵੱਖ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਤੋਂ ਇਲਾਵਾ ਸ਼ੈਲਰ ਯੂਨੀਅਨ ਗਿੱਦੜਬਾਹਾ ਦੇ ਮੈਂਬਰਾਂ ਦੁਆਰਾ ਹਾਜ਼ਰੀ ਲਗਵਾਈ ਗਈ। ਇਸ ਤੋਂ ਇਲਾਵਾ ਕਰ ਵਿਭਾਗ, ਸ੍ਰੀ ਮੁਕਤਸਰ ਸਾਹਿਬ ਦੇ ਮਨਜਿੰਦਰ ਸਿੰਘ, ਰਾਜ ਕਰ ਅਫ਼ਸਰ, ਗੁਰਿੰਦਰਜੀਤ ਸਿੰਘ, ਰਾਜ ਕਰ ਅਫ਼ਸਰ, ਰਵਿੰਦਰ ਕੁਮਾਰ, ਕਰ ਨਿਰੀਖਕ, ਤਰਸੇਮ ਸਿੰਘ, ਕਰ ਨਿਰੀਖਕ, ਰੁਪਿੰਦਰ ਸਿੰਘ, ਕਰ ਨਿਰੀਖਕ ਅਤੇ ਜਤਿੰਦਰ ਬਾਂਸਲ, ਕਰ ਨਿਰੀਖਕ ਸ਼ਾਮਲ ਸਨ।

Scroll to Top