June 28, 2024 4:09 pm
train accident

ਫਤਿਹਗੜ੍ਹ ਸਾਹਿਬ ਦੇ ਸਰਹਿੰਦ ‘ਚ ਵੱਡਾ ਰੇਲ ਹਾਦਸਾ, ਦੋ ਮਾਲ ਰੇਲ ਗੱਡੀਆਂ ਦੀ ਆਪਸ ‘ਚ ਭਿਆਨਕ ਟੱਕਰ

ਚੰਡੀਗੜ੍ਹ, 02 ਜੂਨ 2024: ਸ੍ਰੀ ਫਤਿਹਗੜ੍ਹ ਸਾਹਿਬ ‘ਚ ਅੱਜ ਤੜਕਸਾਰ ਵੱਡਾ ਹਾਦਸਾ (Train accident) ਵਾਪਰਿਆ ਹੈ। ਸਰਹਿੰਦ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਮਾਧੋਪੁਰ ਚੌਂਕੀ ਨੇੜੇ ਐਤਵਾਰ ਤੜਕੇ ਕਰੀਬ 3:30 ਵਜੇ ਰੇਲ ਹਾਦਸਾ ਵਾਪਰਿਆ। ਇੱਥੇ ਦੋ ਮਾਲ ਰੇਲ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ। ਇਕ ਮਾਲ ਰੇਲਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਟਕਰਾ ਗਈ।

ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ। ਇਨ੍ਹਾਂ ਦੀ ਪਛਾਣ ਵਿਕਾਸ ਕੁਮਾਰ (37) ਅਤੇ ਹਿਮਾਂਸ਼ੂ ਕੁਮਾਰ (31) ਵਾਸੀ ਸਹਾਰਨਪੁਰ, ਯੂਪੀ ਵਜੋਂ ਹੋਈ ਹੈ। ਉਸ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰ ਨੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ।

ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿੱਚ ਮੌਜੂਦ ਡਾਕਟਰ ਈਵਨਪ੍ਰੀਤ ਕੌਰ ਨੇ ਦੱਸਿਆ ਕਿ ਵਿਕਾਸ ਕੁਮਾਰ ਦੇ ਸਿਰ ਵਿੱਚ ਸੱਟ ਲੱਗੀ ਹੈ। ਹਿਮਾਂਸ਼ੂ ਦੀ ਪਿੱਠ ‘ਤੇ ਸੱਟ ਲੱਗੀ ਹੈ, ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਹਾਦਸੇ (Train accident) ਵਿੱਚ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ।

ਹਾਦਸੇ ‘ਚ ਮਾਲ ਗੱਡੀ ਦੀਆਂ ਬੋਗੀਆਂ ਵੀ ਇਕ-ਦੂਜੇ ‘ਤੇ ਚੜ ਗਈਆਂ। ਜਿਵੇਂ ਹੀ ਪੈਸੰਜਰ ਟਰੇਨ ਦੀ ਟੱਕਰ ਹੋਈ ਤਾਂ ਉਸ ‘ਚ ਸਵਾਰ ਸੈਂਕੜੇ ਯਾਤਰੀਆਂ ‘ਚ ਚੀਕ-ਚਿਹਾੜਾ ਮਚ ਗਿਆ। ਹਾਦਸੇ ‘ਚ ਦੋ ਲੋਕੋ ਪਾਇਲਟ ਜ਼ਖਮੀ ਹੋ ਗਏ ਹਨ। ਦੂਜੇ ਪਾਸੇ ਅੰਬਾਲਾ ਤੋਂ ਲੁਧਿਆਣਾ ਅਪ ਲਾਈਨ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਅੰਬਾਲਾ ਡਿਵੀਜ਼ਨ ਦੇ ਡੀਆਰਐਮ ਸਮੇਤ ਰੇਲਵੇ, ਜੀਆਰਪੀ ਅਤੇ ਆਰਪੀਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪੁੱਜੇ।