July 3, 2024 9:32 am
ਪੁਤਲੀਘਰ

ਪੁਤਲੀਘਰ ਚੌਂਕ ਨੇੜੇ ਵਾਪਰਿਆ ਵੱਡਾ ਹਾਦਸਾ, ਕਾਰ ਅਤੇ ਐਕਟੀਵਾ ਦੀ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ

ਅੰਮ੍ਰਿਤਸਰ, 27 ਜਨਵਰੀ 2023: ਅਮ੍ਰਿਤਸਰ ਦੇ ਪੁਤਲੀਘਰ ਚੌਂਕ ਨੇੜੇ ਓਵਰਟੇਕ ਕਰਦਿਆਂ ਇੱਕ ਐਕਟੀਵਾ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ | ਵਾਹਨਾਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਐਕਟੀਵਾ ਦੇ ਪਰਖੱਚੇ ਉਡ ਗਏ | ਇਸ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਦੋ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ |

ਇਸ ਸਬੰਧੀ ਮੌਕੇ ‘ਤੇ ਚਸ਼ਮਦੀਦ ਬੀਆਰਟੀਐਸ ਬੱਸ ਡਰਾਈਵਰ ਜਤਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇੱਕ ਕਾਰ ਨੇ ਬੱਸ ਨੂੰ ਓਵਰਟੇਕ ਕੀਤਾ ਤਾਂ ਕਾਰ ਦੀ ਸਪੀਡ ਲਗਭਗ 100 ਦੇ ਕਰੀਬ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਦਾ ਡਰਾਇਵਰ ਕਾਰ ਨੂੰ ਕੰਟਰੋਲ ਨਹੀਂ ਕਰ ਪਾਇਆ ਅਤੇ ਇਹ ਕਾਰ ਐਕਟੀਵਾ ਵਿੱਚ ਜਾ ਟਕਰਾਈ ਜਿਸ ਨਾਲ ਦੋ ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇਕ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ | ਇਸਦੇ ਨਾਲ ਹੀ ਉਥੇ ਮੌਜੂਦ ਲੋਕਾਂ ਨੇ ਅਤੇ ਬੀਆਰਟੀਐਸ ਬੱਸ ਦੇ ਡਰਾਈਵਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬੀਆਰਟੀਐਸ ਪ੍ਰੋਜੈਕਟ ਅਧੀਨ ਲੋਕ ਆਪਣਾ ਪ੍ਰਾਈਵੇਟ ਵਾਹਨ ਨਾ ਲੈ ਕੇ ਆਉਣ ਤਾਂ ਜੋ ਕਿ ਇਸ ਤਰ੍ਹਾਂ ਦਾ ਹਾਦਸਾ ਨਾ ਵਾਪਰੇ |

ਦੂਜੇ ਪਾਸੇ ਜਾਂਚ ਲਈ ਪਹੁੰਚੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਤਲੀਘਰ ਨਜ਼ਦੀਕ ਬੀਆਰਟੀਐਸ ਪ੍ਰੋਜੈਕਟ ਦੇ ਵਿੱਚ ਐਕਸੀਡੈਂਟ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਵਿੱਚ ਇੱਕ ਕਾਰ ਨੇ ਮੋਟਰਸਾਇਕਲ ਅਤੇ ਐਕਟੀਵਾ ਨੂੰ ਟੱਕਰ ਮਾਰੀ ਹੈ ਅਤੇ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ |

ਜ਼ਿਕਰਯੋਗ ਹੈ ਕਿ ਲਗਾਤਾਰ ਹੀ ਪ੍ਰਸ਼ਾਸਨ ਵੱਲੋਂ ਅਤੇ ਬੀਆਰਟੀਐਸ ਦੇ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲਾਂ ਕੀਤੀਆਂ ਜਾਂਦੀਆਂ ਹਨ ਲੋਕ ਆਪਣੇ ਪ੍ਰਾਈਵੇਟ ਵਾਹਨ ਲੈ ਕੇ ਬੀਆਰਟੀਐਸ ਪ੍ਰੋਜੈਕਟ ਦੇ ਅੰਦਰ ਵਾਲੀ ਸੜਕ ‘ਤੇ ਨਾ ਆਉਣ ਲੇਕਿਨ ਜਲਦਬਾਜ਼ੀ ਵਿਚ ਲੋਕ ਇਸ ਰਸਤੇ ਦਾ ਪ੍ਰਯੋਗ ਕਰਦੇ ਹਨ | ਜਿਸ ਕਾਰਨ ਹਾਦਸੇ ਵਾਪਰਦੇ ਹਨ |