ਚੰਡੀਗੜ੍ਹ, 05 ਜੁਲਾਈ 2023: ਲੁਧਿਆਣਾ (Ludhiana) ‘ਚ ਪਰਿਵਾਰ ਸਮੇਤ ਸੜਕ ਪਾਰ ਕਰ ਰਹੀ ਬੀਬੀ ਨੂੰ ਟਰੱਕ ਡਰਾਈਵਰ ਨੇ ਦਰੜ ਦਿੱਤਾ । ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਜੋਧੇਵਾਲ ਬਸਤੀ ਥਾਣੇ ਦੇ ਬਿਲਕੁਲ ਸਾਹਮਣੇ ਵਾਪਰਿਆ । ਮ੍ਰਿਤਕ ਦੀ ਪਛਾਣ ਮੁਮਤਾਜ਼ ਖਾਤੂਨ ਵਜੋਂ ਹੋਈ ਹੈ। ਮੁਮਤਾਜ਼ ਦਾ ਵਿਆਹ ਦੋ ਸਾਲ ਬਾਅਦ ਮੰਗੇਤਰ ਮੁਹੰਮਦ ਕਮਰੇ ਆਲਮ ਨਾਲ ਹੋਣਾ ਸੀ।
ਮੁਮਤਾਜ਼ ਖਾਤੂਨ ਆਪਣੇ ਮੰਗੇਤਰ ਮੁਹੰਮਦ ਕਮਰੇ ਆਲਮ, ਮਾਂ-ਪਿਤਾ, ਭਰਾ ਨਾਲ ਆਪਣੇ ਚਾਚੇ ਦੇ ਘਰ ਈਦ ਮਨਾਉਣ ਤੋਂ ਬਾਅਦ ਦਿੱਲੀ ਤੋਂ ਪਰਤੀ ਸੀ। ਮੰਗਲਵਾਰ ਦੇਰ ਰਾਤ ਬੱਸ ਨੇ ਉਨ੍ਹਾਂ ਨੂੰ ਜੋਧੇਵਾਲ ਬਸਤੀ ਚੌਕ ਵਿੱਚ ਉਤਾਰ ਦਿੱਤਾ। ਜਦੋਂ ਉਹ ਸੜਕ ਪਾਰ ਕਰ ਰਹੇ ਸਨ ਤਾਂ ਅਚਾਨਕ ਇੱਕ ਟਰੱਕ ਆਇਆ, ਜਿਸ ਨੇ ਮੁਮਤਾਜ਼ ਨੂੰ ਦਰੜ ਦਿੱਤਾ
ਪਰਿਵਾਰ ਦੇ ਬਾਕੀ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਆਸਪਾਸ ਦੇ ਲੋਕਾਂ ਨੇ ਟਰੱਕ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਿਆ। ਸੜਕ ‘ਤੇ ਲਾਸ਼ ਪਈ ਦੇਖ ਕੇ ਲੋਕਾਂ ਨੇ ਤੁਰੰਤ ਐਂਬੂਲੈਂਸ ਨੂੰ ਸੂਚਨਾ ਦਿੱਤੀ। ਪਰਿਵਾਰ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਥਾਣਾ ਜੋਧੇਵਾਲ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ।