July 2, 2024 7:22 pm
ਲੁੱਟ

ਗੁਆਂਢ ‘ਚ ਨੌਕਰੀ ਕਰਨ ਵਾਲਾ ਹੀ ਨਿਕਲਿਆ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਦਾ ਮਾਸਟਰਮਾਈਂਡ

ਫਤਿਹਗੜ੍ਹ ਸਾਹਿਬ, 26 ਅਪ੍ਰੈਲ 2023: ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਖੇ ਲੋਹਾ ਵਪਾਰੀ ਤੋਂ ਹੋਈ 50 ਲੱਖ ਦੀ ਲੁੱਟ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ, ਜਿਸ ਸੰਬੰਧੀ ਜਾਣਕਾਰੀ ਦਿੰਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਦੇ ਸੁਭਾਸ਼ ਨਗਰ ਸਥਿਤ ਕ੍ਰਿਸ਼ਨਾ ਅਲਾਇਜ ਨਾਂ ਦੀ ਲੋਹੇ ਦਾ ਵਪਾਰ ਕਰਨ ਵਾਲੀ ਫਰਮ ਦੇ ਦਫਤਰ ‘ਚ ਦਿਨ ਦਿਹਾੜੇ ਪਿਸਤੌਲ ਦੀ ਨੌਕ ‘ਤੇ 4 ਵਿਅਕਤੀਆ ਵੱਲੋ 50 ਲੱਖ ਦੀ ਡਕੈਤੀ ਕੀਤੀ ਅਤੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ।

ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ ਚਾਰ ਦਿਨ ਵਿੱਚ ਹੀ ਸੁਲਝਾਉਂਦੇ ਹੋਏ ਚਾਰ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 38 ਲੱਖ 60 ਹਜ਼ਾਰ ਦੀ ਨਗਦੀ, 1 ਪਿਸਤੌਲ 9mm 4 ਰੌਂਦ, ਇਕ ਪਿਸਟਲ 30 ਬੋਰ 4 ਜਿੰਦਾ ਰੌਂਦ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ |

ਜਦਕਿ ਇਸ ਮਾਮਲੇ ਵਿਚ ਹੋਰ ਦੋਸ਼ੀਆਂ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਵਿਅਕਤੀਆ ਵਿੱਚ ਇੱਕ ਪਟਿਆਲੇ ਦਾ ਸੀ ਕੈਟਾਗਰੀ ਦਾ ਗੈਂਗਸਟਰ ਹੈ, ਜਿਸ ‘ਤੇ ਪਹਿਲਾ ਵੀ ਲੁੱਟ-ਖੋਹ ਤੇ ਹੋਰ ਕਈ ਤਰ੍ਹਾਂ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਜਸਕਰਨ ਸਿੰਘ ਨਿਵਾਸੀ ਪਿੰਡ ਇਕੋਲਹੀ ਖੰਨਾ ਜੋ ਕ੍ਰਿਸ਼ਨਾ ਅਲਾਇਜ ਫਰਮ ਦੇ ਗੁਆਂਢ ਵਿੱਚ ਨੌਕਰੀ ਕਰਦਾ ਸੀ। ਜਿਸ ਨੂੰ ਟ੍ਰੇਸ ਕਰਕੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਜਿਸ ਤੋਂ ਪੁੱਛਗਿੱਛ ਤੋਂ ਬਾਅਦ ਉਸ ਦੇ ਸਾਥੀ ਰਵਿੰਦਰਪਾਲ ਸਿੰਘ ਨਿਵਾਸੀ ਪਟਿਆਲਾ, ਸੰਦੀਪ ਸਿੰਘ ਵਾਸੀ ਕੋਠੇ ਅਕਾਲਗੜ੍ਹ ਜ਼ਿਲ੍ਹਾ ਬਰਨਾਲਾ, ਸੰਜੀਵ ਸਿੰਘ ਨਿਵਾਸੀ ਪਿੰਡ ਖੇੜੀ ਗੁੱਜਰਾਂ ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕੀਤਾ ਹੈ।