ਚੰਡੀਗੜ੍ਹ, 25 ਮਈ 2024: ਲੋਕ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ (Patiala) ਰੈਲੀ ਲਈ ਤਾਇਨਾਤ ਭਾਰਤੀ ਰਿਜ਼ਰਵ ਬਟਾਲੀਅਨ ਦੇ ਇੱਕ ਜਵਾਨ ਦੀ ਛੱਤ ਤੋਂ ਡਿੱਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਨਾਗਾਲੈਂਡ ਦੇ ਯੰਗਸੇ (39) ਵਜੋਂ ਹੋਈ ਹੈ। ਪਟਿਆਲਾ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਨਾਗਾਲੈਂਡ ਭੇਜ ਦਿੱਤਾ ਹੈ। ਬਖਸ਼ੀ ਖਾਨਾ ਥਾਣੇ ਦੇ ਐਸਐਚਓ ਸੁਖਦੇਵ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਇੰਡੀਅਨ ਰਿਜ਼ਰਵ ਬਟਾਲੀਅਨ ਦੀ ਕੰਪਨੀ ਮਾਲੇਰਕੋਟਲਾ ਵਿੱਚ ਚੋਣ ਡਿਊਟੀ ਵਿੱਚ ਲੱਗੀ ਹੋਈ ਸੀ। ਪੀਐਮ ਮੋਦੀ ਦੀ ਰੈਲੀ ਨੂੰ ਲੈ ਕੇ ਕਈ ਦਿਨਾਂ ਤੋਂ ਪਟਿਆਲਾ (Patiala) ਵਿੱਚ ਕੰਪਨੀ ਤਾਇਨਾਤ ਰਹੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਿੱਧੂਵਾਲ ਦੇ ਸਕੂਲ ਵਿੱਚ ਠਹਿਰਾਇਆ ਗਿਆ। ਰੈਲੀ ਤੋਂ ਬਾਅਦ ਜਵਾਨ ਸਕੂਲ ਦੀ ਛੱਤ ‘ਤੇ ਸੌਂ ਗਿਆ। ਇਸ ਦੌਰਾਨ ਉਹ ਛੱਤ ਤੋਂ ਡਿੱਗ ਕੇ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਫੌਜੀ ਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ।