July 3, 2024 2:48 am
Contract employees

ਠੇਕਾ ਮੁਲਾਜ਼ਮਾਂ ਵੱਲੋਂ ਚੱਕਾ ਜਾਮ, 3 ਹਜ਼ਾਰ ਸਰਕਾਰੀ ਬੱਸਾਂ ‘ਤੇ ਦੋ ਦਿਨ ਲਈ ਲੱਗੀ ਬਰੇਕ

ਚੰਡੀਗੜ੍ਹ , 27 ਜੂਨ 2023 : ਪੰਜਾਬ ਵਿੱਚ ਅੱਜ 3000 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ। ਹਾਲਾਂਕਿ ਪ੍ਰਾਈਵੇਟ ਬੱਸਾਂ ਚੱਲਦੀਆਂ ਰਹਿਣਗੀਆਂ। ਇਹ ਚੱਕਾ ਜਾਮ ਰੋਡਵੇਜ਼ ਤੇ PRTC ਦੇ ਕੱਚੇ ਮੁਲਾਜਮਾਂ (Contract Employees) ਵਲੋਂ ਕੀਤਾ ਜਾ ਰਿਹਾ ਹੈ। । ਅੱਜ ਰੋਡਵੇਜ਼-ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਠੇਕੇ ’ਤੇ ਕੰਮ ਕਰਦੇ ਡਰਾਈਵਰ ਤੇ ਕੰਡਕਟਰ ਹੜਤਾਲ ’ਤੇ ਹਨ। ਜਿਸ ਕਾਰਨ ਅੱਜ ਪੂਰੇ ਸੂਬੇ ਵਿੱਚ 3 ਹਜ਼ਾਰ ਸਰਕਾਰੀ ਬੱਸਾਂ ਬੰਦ ਰਹਿਣਗੀਆਂ |

ਯੂਨੀਅਨ ਦੇ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ-ਨਾਲ ਵਿਭਾਗ ਦੇ ਐਮਡੀ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਸਨ ਪਰ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ ਮੁਲਾਜ਼ਮ ਯੂਨੀਅਨ ਨੇ 27 ਅਤੇ 28 ਜੂਨ ਨੂੰ ਚੱਕਾ ਜਾਮ ਕਰਨ ਦਾ ਫੈਸਲਾ ਕੀਤਾ ਹੈ।

ਮੁਲਾਜ਼ਮਾਂ (Contract Employees) ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ। ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ। ਇੱਕ ਪਾਸੇ ਸਰਕਾਰ ਕਹਿੰਦੀ ਹੈ ਕਿ ਟਰਾਂਸਪੋਰਟ ਕਮਾਊ ਹੈ, ਦੂਜੇ ਪਾਸੇ 2-2 ਮਹੀਨਿਆਂ ਬਾਅਦ ਤਨਖ਼ਾਹ ਮਿਲ ਰਹੀ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕਿਸੇ ਵੀ ਵਿਭਾਗ ਵਿੱਚ ਆਊਟਸੋਰਸ ਭਰਤੀ ਨਹੀਂ ਹੋਵੇਗੀ, ਸਗੋਂ ਸਿੱਧੀ ਭਰਤੀ ਹੋਵੇਗੀ, ਪਰ ਫਿਰ ਵੀ ਸਰਕਾਰ ਪਿਛਲੇ ਦਰਵਾਜ਼ੇ ਰਾਹੀਂ ਆਊਟਸੋਰਸਿੰਗ ਰਾਹੀਂ ਅਸਾਮੀਆਂ ਭਰ ਰਹੀ ਹੈ। ਮੁਲਾਜ਼ਮਾਂ ਨੇ ਪਿਛਲੇ ਦਿਨੀਂ ਟਰਾਂਸਪੋਰਟ ਵਿਭਾਗ ਦੇ ਐਮਡੀ ਨਾਲ ਮੀਟਿੰਗ ਵੀ ਕੀਤੀ ਸੀ, ਜਿਸ ਵਿੱਚ ਬੱਸਾਂ ਦੀ ਸਰਵਿਸ, ਈਂਧਨ ਅਤੇ ਟਾਇਰਾਂ ਦਾ ਮਾਮਲਾ ਉਠਾਇਆ ਗਿਆ ਸੀ ਪਰ ਇਸ ਮੀਟਿੰਗ ਦੇ ਨਾਕਾਮ ਰਹਿਣ ਮਗਰੋਂ ਮੁਲਾਜ਼ਮਾਂ ਵਿੱਚ ਰੋਸ ਹੈ।