July 2, 2024 4:57 pm
Danish Kumar

ਪਾਕਿਸਤਾਨ ‘ਚ ਹਿੰਦੂ ਸੰਸਦ ਮੈਂਬਰ ਨੇ ਆਪਣੇ ਸਾਥੀਆਂ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਲਗਾਇਆ ਦੋਸ਼

ਚੰਡੀਗੜ੍ਹ, 07 ਅਪ੍ਰੈਲ 2023: ਪਾਕਿਸਤਾਨ ਦੇ ਇੱਕ ਹਿੰਦੂ ਸੰਸਦ ਮੈਂਬਰ ਨੇ ਆਪਣੇ ਸਾਥੀ ਸੰਸਦ ਮੈਂਬਰਾਂ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾਉਣ ਦਾ ਦੋਸ਼ ਲਗਾਇਆ ਹੈ। ਬਲੋਚਿਸਤਾਨ ਦੇ ਨੇਤਾ ਦਾਨਿਸ਼ ਕੁਮਾਰ (Danish Kumar) ਨੇ ਸੰਸਦ ‘ਚ ਕਿਹਾ ਕਿ ਮੈਨੂੰ ਇਸਲਾਮ ਦੀ ਸਿੱਖਿਆ ਨਾ ਦੇਣ, ਪਹਿਲਾਂ ਮੁਨਾਫ਼ਾਖ਼ੋਰਾਂ ਨੂੰ ਇਸਲਾਮ ਸਿਖਾਉਣ ਫਿਰ ਮੈਨੂੰ ਆਪਣਾ ਧਰਮ ਬਦਲਣ ਲਈ ਕਹੋ।

ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਇਹ ਨਿੰਦਣਯੋਗ ਹੈ ਕਿ ਸਰਕਾਰ ਰਮਜ਼ਾਨ ਦੇ ਮਹੀਨੇ ਵਿੱਚ ਵੀ ਅਨਾਜ ਭੰਡਾਰ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੀ। ਦਾਨਿਸ਼ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ ਕਦੋਂ ਦਾ ਹੈ, ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਦਾਨਿਸ਼ ਕੁਮਾਰ (Danish Kumar) ਪਾਕਿਸਤਾਨੀ ਸੰਸਦ ਵਿੱਚ ਵਧਦੀ ਮਹਿੰਗਾਈ ਬਾਰੇ ਗੱਲ ਕਰ ਰਹੇ ਸਨ। ਇਸ ਦੌਰਾਨ ਉਹ ਕਹਿੰਦਾ ਹੈ- ਮੇਰੇ ਇੱਥੇ ਦੋਸਤ ਹਨ ਜੋ ਮੈਨੂੰ ਕਹਿੰਦੇ ਹਨ ਕਿ ਦਾਨਿਸ਼ ਕੁਮਾਰ ਕਲਮਾ ਪੜ੍ਹੋ, ਮੁਸਲਮਾਨ ਬਣ ਜਾਓ। ਮੈਂ ਇਨ੍ਹਾਂ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਤੁਸੀਂ ਉਨ੍ਹਾਂ ਸ਼ੈਤਾਨਾਂ ਨੂੰ ਕਹੋ ਜੋ ਮੁਨਾਫਾਖੋਰ ਹਨ ਇਸਲਾਮ ਦੀ ਪਾਲਣਾ ਕਰਨ। ਫਿਰ ਦਾਨਿਸ਼ ਕੁਮਾਰ ਦੇ ਕੋਲ ਆਓ ਅਤੇ ਤਬਲੀਗ ਕਰੋ। ਮੈਂ ਚਾਹੁੰਦਾ ਹਾਂ ਕਿ ਮੇਰੇ ਨਾਲ ਵਾਅਦਾ ਕੀਤਾ ਜਾਵੇ ਕਿ ਜਦੋਂ ਤੱਕ ਉਹ ਉਨ੍ਹਾਂ ਲੋਕਾਂ ਨੂੰ ਇਸਲਾਮ ਦਾ ਪਾਲਣ ਨਹੀਂ ਕਰਦੇ, ਉਦੋਂ ਤੱਕ ਉਹ ਮੇਰੇ ‘ਤੇ ਤਬਲੀਗ ਨਹੀਂ ਕਰਨਗੇ।

ਦਾਨਿਸ਼ ਕੁਮਾਰ 2018 ਵਿੱਚ ਬਲੋਚਿਸਤਾਨ ਅਵਾਮੀ ਪਾਰਟੀ ਤੋਂ ਘੱਟ ਗਿਣਤੀਆਂ ਲਈ ਰਾਖਵੀਂ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਪਹਿਲਾਂ ਉਹ ਬਲੋਚਿਸਤਾਨ ਵਿਧਾਨ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਦਾਨਿਸ਼ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੇ ਅਧਿਕਾਰਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਆਵਾਜ਼ ਉਠਾ ਚੁੱਕੇ ਹਨ।

ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਵੀ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਵਿਰੁੱਧ ਹੋ ਰਹੇ ਅਪਰਾਧਾਂ ਬਾਰੇ ਜਨਵਰੀ ਵਿੱਚ ਇੱਕ ਰਿਪੋਰਟ ਜਾਰੀ ਕੀਤੀ ਸੀ। ਸੰਯੁਕਤ ਰਾਸ਼ਟਰ ਦੇ 12 ਮਾਹਰਾਂ ਨੇ ਪਾਕਿਸਤਾਨ ਵਿਚ ਅਗਵਾ, ਧਰਮ ਪਰਿਵਰਤਨ, ਛੋਟੀ ਉਮਰ ਵਿਚ ਕੁੜੀਆਂ ਨਾਲ ਵਿਆਹ ਕਰਨ ਵਰਗੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਪਾਕਿਸਤਾਨ ਦੇ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਕ ਹਰ ਸਾਲ ਲਗਭਗ 1,000 ਲੜਕੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੜਕੀਆਂ ਸਿੰਧ ਸੂਬੇ ਦੇ ਗਰੀਬ ਹਿੰਦੂ ਭਾਈਚਾਰੇ ਤੋਂ ਆਉਂਦੀਆਂ ਹਨ।