ਚੰਡੀਗੜ੍ਹ 1 ਨਵੰਬਰ 2022 : ਮੋਰਬੀ ਪੁਲ ਹਾਦਸੇ (Morbi bridge accident) ਦੀ ਜਾਂਚ ਸ਼ੁਰੂ ਕਰਨ ਲਈ ਸੇਵਾਮੁਕਤ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਇਕ ਨਿਆਂਇਕ ਕਮਿਸ਼ਨ ਨਿਯੁਕਤ ਕਰਨ ਦੇ ਨਿਰਦੇਸ਼ ਦੀ ਮੰਗ ’ਤੇ ਪਾਈ ਗਈ ਜਨਹਿਤ ਪਟੀਸ਼ਨ ਦੀ ਸੁਣਵਾਈ ਲਈ ਸੁਪਰੀਮ ਕੋਰਟ (Supreme Court) ਵਲੋਂ ਮੰਗਲਵਾਰ 14 ਨਵੰਬਰ ਨੂੰ ਸਹਿਮਤੀ ਦਿੱਤੀ ਹੈ।
ਜਿਕਰਯੋਗ ਹੈ ਕਿ ਪਟੀਸ਼ਨ ਵਿੱਚ ਮੋਰਬੀ ਪੁਲ ਹਾਦਸੇ ਦੀ ਜਾਂਚ ਸੇਵਾਮੁਕਤ ਜੱਜ ਦੀ ਅਗਵਾਈ ਵਿੱਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਗੁਜਰਾਤ ਦੇ ਮੋਰਬੀ ਵਿੱਚ ਪੁਲ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹੁਣ ਤੱਕ 134 ਜਣਿਆ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ‘ਤੇ ਦੇਸ਼-ਵਿਦੇਸ਼ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਮੋਰਬੀ ਜਾਣਗੇ। ਇਸ ਤੋਂ ਪਹਿਲਾਂ ਕੱਲ੍ਹ ਉਨ੍ਹਾਂ ਨੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਸੀ।
ਮੋਰਬੀ ਪੁਲ ਹਾਦਸੇ ਵਿੱਚ ਦੋ ਹੋਰ ਲਾਸ਼ਾਂ ਮਿਲਣ ਦਾ ਖਦਸ਼ਾ ਹੈ। ਇਨ੍ਹਾਂ ਲਾਸ਼ਾਂ ਨੂੰ ਕੱਢਣ ਲਈ ਲਗਾਤਾਰ ਖੋਜ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। NDRF ਦੇ ਕਮਾਂਡੈਂਟ ਪ੍ਰਸੰਨਾ ਕੁਮਾਰ ਦਾ ਕਹਿਣਾ ਹੈ ਕਿ 125 ਜਣਿਆਂ ਦੀ ਟੀਮ ਨੂੰ ਸਰਚ ਅਭਿਆਨ ‘ਚ ਲਗਾਇਆ ਗਿਆ ਹੈ, ਜਦਕਿ 12 ਕਿਸ਼ਤੀਆਂ ਦੀ ਮਦਦ ਨਾਲ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮੋਰਬੀ ਪੁਲ ਦੀ ਦੇਖ-ਰੇਖ ਅਤੇ ਸੰਚਾਲਨ ਕਰਨ ਵਾਲੀ ਓਰੇਵਾ ਫਰਮ ਨੂੰ ਤਾਲਾ ਲੱਗਿਆ ਹੋਇਆ ਹੈ। ਇਸ ਮਾਮਲੇ ਵਿੱਚ ਹੁਣ ਤੱਕ ਓਰੇਵਾ ਕੰਪਨੀ ਦੇ ਮੈਨੇਜਰ ਸਮੇਤ ਨੌਂ ਜਣਿਆ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।