ਚੰਡੀਗੜ੍ਹ, 02 ਅਕਤੂਬਰ 2023: ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਬੱਸੀ ਪਠਾਣਾਂ (Bassi Pathana) ਬਾਈਪਾਸ ‘ਤੇ ਸਥਿਤ ਝੁੱਗੀ ਬਸਤੀ ਅਚਾਨਕ ਫੈਲੀ ਅੱਗ ਨਾਲ ਸੜ ਕੇ ਸੁਆਹ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਸੀ ਪਠਾਣਾ ‘ਚ ਲੱਗੀ ਭਿਆਨਕ ਅੱਗ ‘ਚ 40 ਤੋਂ 50 ਝੁੱਗੀਆਂ ਇੱਕੋ ਸਮੇਂ ਸੜ ਕੇ ਸੁਆਹ ਹੋ ਗਈਆਂ ਹਨ । ਇਨ੍ਹਾਂ ‘ਚ ਰਹਿਣ ਵਾਲਿਆਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ । ਉਨ੍ਹਾਂ ਦੀਆਂ ਅੱਖਾਂ ਸਾਹਮਣੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਨੂੰ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਉਣਾ ਪਿਆ, ਉਦੋਂ ਤੱਕ ਸਾਰੀਆਂ ਝੁੱਗੀਆਂ ਸੜ ਚੁੱਕੀਆਂ ਸਨ।
ਜਾਣਕਾਰੀ ਅਨੁਸਾਰ ਬਾਈਪਾਸ ’ਤੇ ਝੁੱਗੀਆਂ (Bassi Pathana) ਵਿੱਚ 40 ਤੋਂ 50 ਪਰਿਵਾਰ ਰਹਿੰਦੇ ਹਨ। ਸੋਮਵਾਰ ਨੂੰ ਇੱਕ ਝੁੱਗੀ ਵਿੱਚ ਅਚਾਨਕ ਅੱਗ ਲੱਗ ਗਈ। ਤੇਜ਼ ਹਵਾ ਚੱਲ ਰਹੀ ਸੀ ਜਿਸ ਕਾਰਨ ਅੱਗ ਸਾਰੀਆਂ ਝੁੱਗੀਆਂ ਵਿੱਚ ਫੈਲ ਗਈ। ਇਹ ਸਾਰੀਆਂ ਝੁੱਗੀਆਂ ਇਕੱਠੀਆਂ ਸਨ। ਅੱਗ ਇੱਕ ਝੁੱਗੀ ਤੋਂ ਦੂਜੀ ਝੁੱਗੀ ਵਿੱਚ ਫੈਲ ਗਈ। ਕੁੱਝ ਹੀ ਦੇਰ ਵਿੱਚ ਸਾਰਾ ਇਲਾਕਾ ਅੱਗ ਦੀ ਲਪੇਟ ਵਿੱਚ ਆ ਗਿਆ।
ਫਾਇਰ ਬ੍ਰਿਗੇਡ ਅਤੇ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਲੋਕਾਂ ਦੀ ਮੱਦਦ ਨਾਲ ਅੱਗ ਨੂੰ ਹੋਰ ਫੈਲਣ ਤੋਂ ਰੋਕਿਆ ਗਿਆ। ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਅੱਗ ਕਦੋਂ ਫੈਲ ਗਈ, ਉਸ ਨੂੰ ਪਤਾ ਹੀ ਨਹੀਂ ਲੱਗਾ। ਉਸਦਾ ਸਾਰਾ ਸਮਾਨ ਸੜ ਗਿਆ।
ਬੱਸੀ ਪਠਾਣਾ ਦੇ ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਖੁਦ ਮੌਕੇ ’ਤੇ ਪਹੁੰਚ ਗਏ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਅੱਗ ਦੀ ਲਪੇਟ ‘ਚ ਹੋਰ ਕੋਈ ਨਾ ਆਵੇ। ਫਿਰ ਅੱਗ ‘ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।