ਸ਼੍ਰੀ ਮਹਾਕਾਲੇਸ਼ਵਰ

ਸ਼੍ਰੀ ਮਹਾਕਾਲੇਸ਼ਵਰ ਦੇ ਪਵਿੱਤਰ ਅਸਥਾਨ ‘ਚ ਭਸਮ ਆਰਤੀ ਦੌਰਾਨ ਲੱਗੀ ਅੱਗ, ਪੁਜਾਰੀ ਸਮੇਤ 13 ਜਣੇ ਝੁਲਸੇ

ਚੰਡੀਗੜ੍ਹ 25 ਮਾਰਚ 2024: ਉਜੈਨ ‘ਚ ਵਿਸ਼ਵ ਪ੍ਰਸਿੱਧ ਜਯੋਤਿਰਲਿੰਗ ਸ਼੍ਰੀ ਮਹਾਕਾਲੇਸ਼ਵਰ ਦੇ ਪਵਿੱਤਰ ਅਸਥਾਨ ‘ਚ ਸੋਮਵਾਰ ਸਵੇਰੇ ਭਸਮ ਆਰਤੀ ਦੌਰਾਨ ਅੱਗ ਲੱਗ ਗਈ। ਪੁਜਾਰੀ ਸਮੇਤ 13 ਜਣੇ ਸੜ ਗਏ। ਆਰਤੀ ਦੌਰਾਨ ਗੁਲਾਲ ਸੁੱਟਣ ਕਾਰਨ ਅੱਗ ਲੱਗ ਭੜਕ ਗਈ ।

ਉਸ ਸਮੇਂ ਮੰਦਰ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਮੌਜੂਦ ਸਨ। ਹਰ ਕੋਈ ਮਹਾਕਾਲ ਨਾਲ ਹੋਲੀ ਮਨਾ ਰਿਹਾ ਸੀ। ਜ਼ਖਮੀ ਸੇਵਕ ਨੇ ਦੱਸਿਆ ਕਿ ਕਿਸੇ ਨੇ ਪਿੱਛੇ ਤੋਂ ਆਰਤੀ ਕਰ ਰਹੇ ਪੁਜਾਰੀ ਸੰਜੀਵ ‘ਤੇ ਗੁਲਾਲ ਪਾ ਦਿੱਤਾ। ਦੀਵੇ ‘ਤੇ ਗੁਲਾਲ ਡਿੱਗ ਪਿਆ। ਸ਼ਾਇਦ ਗੁਲਾਲ ਵਿੱਚ ਕੈਮੀਕਲ ਹੋਣ ਕਾਰਨ ਅੱਗ ਲੱਗੀ ਹੈ। ਪਾਵਨ ਅਸਥਾਨ ਦੀ ਚਾਂਦੀ ਦੀ ਕੰਧ ਨੂੰ ਰੰਗਾਂ ਅਤੇ ਗੁਲਾਲ ਤੋਂ ਬਚਾਉਣ ਲਈ ਉਥੇ ਫਲੇਕਸ ਲਗਾਏ ਗਏ ਸਨ। ਇਨ੍ਹਾਂ ਵਿੱਚ ਵੀ ਅੱਗ ਫੈਲ ਗਈ।

ਕੁਝ ਜਣਿਆਂ ਨੇ ਫਾਇਰ ਫਾਈਟਰਜ਼ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ। ਪਰ ਉਦੋਂ ਤੱਕ ਪਾਵਨ ਅਸਥਾਨ ਵਿੱਚ ਮੌਜੂਦ ਸੰਜੀਵ ਪੁਜਾਰੀ, ਵਿਕਾਸ, ਮਨੋਜ, ਸੇਵਾਧਾਰੀ ਆਨੰਦ ਕਮਲ ਜੋਸ਼ੀ ਸਮੇਤ ਆਰਤੀ ਕਰ ਰਹੇ 13 ਜਣੇ ਝੁਲਸ ਗਏ।

ਉਜੈਨ ਕਲੈਕਟਰ ਨੀਰਜ ਸਿੰਘ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕੋਈ ਵੀ ਗੰਭੀਰ ਨਹੀਂ ਹੈ। ਸਾਰੇ ਸਥਿਰ ਹਨ। ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਕਮੇਟੀ ਤਿੰਨ ਦਿਨਾਂ ਵਿੱਚ ਜਾਂਚ ਕਰਕੇ ਆਪਣੀ ਰਿਪੋਰਟ ਦੇਵੇਗੀ।

Scroll to Top