July 5, 2024 1:53 am
Bhawanigarh

ਭਵਾਨੀਗੜ੍ਹ ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ‘ਚ ਲੱਗੀ ਅੱਗ, 300 ਤੋਂ ਵੱਧ ਏਕੜ ਨਾੜ ਸੜ ਕੇ ਸੁਆਹ

ਭਵਾਨੀਗੜ੍ਹ, 4 ਮਈ 2024: ਭਵਾਨੀਗੜ੍ਹ (Bhawanigarh) ਨੇੜਲੇ ਪਿੰਡ ਰਾਮਗੜ੍ਹ ਦੇ ਖੇਤਾਂ ਨੂੰ ਅੱਜ ਅੱਗ ਨੇ ਆਪਣੀ ਲਪੇਟ ‘ਚ ਲੈ ਲਿਆ | ਦੁਪਹਿਰ ਸਮੇਂ ਲੱਗੀ ਅੱਗ ਕਾਰਨ ਦੋ ਦਰਜਨ ਕਿਸਾਨਾਂ ਦਾ ਕਰੀਬ 300 ਤੋਂ ਵੱਧ ਏਕੜ ਨਾੜ ਤੇ ਇੱਕ ਕਿਸਾਨ ਦੀ ਕਰੀਬ 400-500 ਟਰਾਲੀ ਤੂੜੀ ਸੜ ਕੇ ਸੁਆਹ ਹੋ ਗਈ, ਉੱਥੇ ਹੀ ਖੇਤਾਂ ਨੇੜੇ ਬਾੜੇ ‘ਚ ਖੜ੍ਹੀਆਂ 50 ਦੇ ਕਰੀਬ ਭੇਡਾਂ-ਬੱਕਰੀ ਵੀ ਇਸ ਭਿਆਨਕ ਅੱਗ ਦੀ ਲਪੇਟ ਆ ਜਾਣ ਕਾਰਨ ਜਿੰਦਾ ਸੜ ਗਈਆਂ। ਪਿੰਡ ਵਾਸੀਆਂ ਨੇ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗਣ ਦਾ ਖਦਸਾ ਜ਼ਾਹਿਰ ਕੀਤਾ ਹੈ।

ਘਟਨਾ ਸਬੰਧੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਇੱਕ-ਡੇਢ ਵਜੇ ਦੇ ਕਰੀਬ ਕਪਿਆਲ ਨਹਿਰ ਵਾਲੇ ਪੁਲ ਨੇੜਲੇ ਖੇਤਾਂ ਤੋਂ ਸ਼ੁਰੂ ਹੋਈ ਅੱਗ ਉਨ੍ਹਾਂ ਦੇ ਪਿੰਡ ਵੱਲ ਨੂੰ ਵੱਧਦੀ ਚਲੀ ਗਈ ਤੇ ਅੱਗ ਨੇ ਕੁੱਝ ਹੀ ਮਿੰਟਾਂ ‘ਚ 20-25 ਕਿਸਾਨਾਂ ਦੇ ਖੇਤਾਂ ਦੇ 300-400 ਏਕੜ ਨਾੜ ਨੂੰ ਜਲਾ ਕੇ ਰਾਖ ਕਰ ਦਿੱਤਾ।

ਇਸ ਦੌਰਾਨ ਭਿਆਨਕ ਅੱਗ ਕਾਰਨ 3-4 ਪਾਥੀਆਂ ਵਾਲੇ ਗੁਹਾਰੇ ਤੇ ਪਿੰਡ ਦੀ ਫਿਰਨੀ ਦੇ ਨਾਲ ਗਰੀਬ ਮਜ਼ਦੂਰ ਪਰਿਵਾਰ ਨਾਲ ਸਬੰਧਤ ਮਹਿੰਦਰ ਸਿੰਘ ਪੁੱਤਰ ਸਾਧੂ ਸਿੰਘ ਵੱਲੋਂ ਬਣਾਏ ਪਸ਼ੂਆਂ ਦੇ ਵਾੜੇ ‘ਚ ਖੜ੍ਹੀਆਂ ਉਸ ਦੀਆਂ 40-45 ਦੇ ਕਰੀਬ ਭੇਡਾਂ-ਬੱਕਰੀਆਂ ਵੀ ਜਿੰਦਾ ਸੜ ਗਈਆਂ।

ਇਸ ਦੌਰਾਨ ਫੈਲਦੀ ਫੈਲਦੀ ਅੱਗ ਕਿਸਾਨ ਇੰਦਰਜੀਤ ਸਿੰਘ ਦੇ ਪਿੰਡ ਵਿੱਚਕਾਰ ਬਣੇ ਤੂੜੀ ਵਾਲੇ ਸ਼ੈੱਡ ਨੂੰ ਚੜ੍ਹ ਗਈ ਜਿਸ ਕਾਰਨ ਕਿਸਾਨ ਦੀ 400-500 ਟਰਾਲੀ ਦੇ ਕਰੀਬ ਤੂੜੀ ਮੱਚ ਗਈ ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਦਸ਼ਾ ਹੈ। ਪਿੰਡ ਵਾਸੀ ਹਰਪਾਲ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਅੱਗ ਲੱਗਣ ਬਾਰੇ ਪਤਾ ਲੱਗਾ ਤਾਂ ਪਿੰਡ ਵਾਸੀਆਂ ਨੇ ਆਪਣੇ ਪੱਧਰ ‘ਤੇ ਟਰੈਕਟਰਾਂ ਜਾਂ ਮੌਕੇ ‘ਤੇ ਹੋਰ ਸਾਧਨਾਂ ਰਾਹੀਂ ਅੱਗ ‘ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ |

ਹਾਲਾਂਕਿ ਅੱਗ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਇਸ ਭਿਆਨਕ ਅੱਗ ‘ਤੇ ਕਾਬੂ ਪਾਇਆ, ਪਰੰਤੂ ਉਦੋਂ ਤੱਕ ਕਾਫ਼ੀ ਜਿਆਦਾ ਨੁਕਸਾਨ ਹੋ ਚੁੱਕਾ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਗ ‘ਚ ਪਸ਼ੂ ਸੜ ਜਾਣ ਕਾਰਨ ਗਰੀਬ ਪਸ਼ੂ ਪਾਲਕ ਮਹਿੰਦਰ ਸਿੰਘ ਦਾ 10-12 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਗਰੀਬ ਪਸ਼ੂ ਪਾਲਕ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।