ਚੰਡੀਗੜ੍ਹ, 27 ਮਈ 2024: ਪਾਕਿਸਤਾਨ ਦੇ ਖੈਬਰ ਪਖਤੂਨਖਵਾ (Khyber Pakhtunkhwa) ਸੂਬੇ ‘ਚ ਵੱਡਾ ਹਾਦਸਾ ਹੁੰਦਿਆਂ ਟਲ ਗਿਆ। ਸੋਮਵਾਰ ਨੂੰ ਇੱਥੇ ਇੱਕ ਸਕੂਲ ਦੀ ਇਮਾਰਤ ਨੂੰ ਲੱਗੀ ਅੱਗ ਕਾਰਨ ਸੈਂਕੜੇ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਸਨ। ਹਾਲਾਂਕਿ ਲਗਭਗ 1400 ਵਿਦਿਆਰਥਣਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ।
ਘਟਨਾ ਬਾਰੇ ਪਾਕਿਸਤਾਨ ਮੀਡੀਆ ਮੁਤਾਬਕ ਖੈਬਰ ਪਖਤੂਨਖਵਾ (Khyber Pakhtunkhwa) ਦੇ ਹਰੀਪੁਰ ਜ਼ਿਲੇ ਦੇ ਪਿੰਡ ਸਿਰੀਕੋਟ ‘ਚ ਸਥਿਤ ਸਰਕਾਰੀ ਕੁੜੀਆਂ ਦੇ ਸਕੂਲ ਦੀ ਇਮਾਰਤ ‘ਚ ਉਸ ਸਮੇਂ ਅੱਗ ਲੱਗ ਗਈ, ਜਦੋਂ ਲੜਕੀਆਂ ਅੰਦਰ ਪੜ੍ਹ ਰਹੀਆਂ ਸਨ। ਹਾਲਾਂਕਿ ਫਾਇਰ ਬ੍ਰਿਗੇਡ ਨੇ ਸਥਾਨਕ ਲੋਕਾਂ ਦੀ ਮੱਦਦ ਨਾਲ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਾੜੀ ਇਲਾਕਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ‘ਤੇ ਪਹੁੰਚਣ ‘ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਫਾਇਰ ਡਿਪਾਰਟਮੈਂਟ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਵਿੱਚ 1400 ਦੇ ਕਰੀਬ ਲੜਕੀਆਂ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਨਾਲ ਇਮਾਰਤ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਰਾਹਤ ਅਤੇ ਬਚਾਅ ਵਿਭਾਗ ਨੇ ਦੱਸਿਆ ਕਿ ਇਸ ਘਟਨਾ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਵਿਭਾਗ ਨੇ ਕਿਹਾ ਕਿ ਇਸ ਦੀ ਅੱਧੀ ਇਮਾਰਤ ਲੱਕੜ ਦੀ ਬਣੀ ਹੋਈ ਸੀ । ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਚੌਧਰੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਛੇਤੀ ਹੀ ਸਕੂਲ ਦਾ ਕੰਮ ਸ਼ੁਰੂ ਹੋ ਜਾਵੇਗਾ।