ਫਿਰੌਤੀ

ਜੇਲ੍ਹ ‘ਚੋਂ ਫੋਨ ਕਰਕੇ ਮਾਨਸਾ ਦੇ ਇੱਕ ਫਾਇਨਾਂਸਰ ਤੋਂ 2 ਲੱਖ ਰੁਪਏ ਦੀ ਫਿਰੌਤੀ ਮੰਗੀ

ਮਾਨਸਾ , 11 ਅਕਤੂਬਰ 2023: ਮਾਨਸਾ ਦੇ ਇੱਕ ਫਾਈਨੈਂਸਰ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਆਈ ਕਾਲ ‘ਤੇ 2 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਪੈਸੇ ਨਾ ਦੇਣ ਦੀ ਸੂਰਤ ਵਿੱਚ ਉਸਦੇ ਪੁੱਤ ਦੀਆਂ ਲੱਤਾਂ ਤੋੜਨ ਦੀ ਧਮਕੀ ਦਿੱਤੀ ਗਈ ਹੈ | ਮਾਨਸਾ ਪੁਲਿਸ ਵੱਲੋਂ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਉਕਤ ਫਾਈਨਾਂਸਰ ਨੇ ਪੁਲਿਸ ਤੋਂ ਆਪਣੀ ਜਾਨ ਮਾਲ ਦੀ ਰੱਖਿਆ ਕਰਨ ਦੀ ਵੀ ਮੰਗ ਕੀਤੀ ਹੈ।

ਫਾਈਨਾਂਸਰ ਰਵੀ ਬਾਂਸਲ ਨੇ ਦੱਸਿਆ ਕਿ ਉਸ ਨੂੰ ਲੁਧਿਆਣਾ ਜੇਲ੍ਹ ਵਿੱਚੋਂ ਇੱਕ ਜੱਸੀ ਨਾਮੀ ਵਿਅਕਤੀ ਦਾ ਫੋਨ ਆਇਆ, ਜਿਸ ਨੇ 2 ਲੱਖ ਰੁਪਏ ਦੀ ਮੰਗ ਕੀਤੀ ਹੈ ਅਤੇ ਜਦੋਂ ਮੈਂ ਉਸ ਵਿਅਕਤੀ ਨੂੰ ਪੁੱਛਿਆ ਕਿ ਤੁਸੀਂ ਕੌਣ ਬੋਲਦੇ ਹੋ ਤਾਂ ਉਹਨਾਂ ਨੇ ਆਪਣਾ ਨਾਂ ਜੱਸੀ ਪੈਂਚਰ ਦੱਸਿਆ ਅਤੇ ਕਿਹਾ ਕਿ ਜਿਸ ਨੇ ਰਾਜੇ ਦੇ ਗੋਲੀ ਮਾਰੀ ਸੀ ਮੈਂ ਉਹੀ ਬੋਲਦਾ ਹਾਂ ਅਤੇ ਸਾਨੂੰ ਪੈਸੇ ਦੀ ਬਹੁਤ ਸਖ਼ਤ ਜਰੂਰਤ ਹੈ |

ਰਵੀ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਤੇ ਉਹਨਾਂ ਨੇ ਜਵਾਬ ਦੇ ਵਿੱਚ ਇਹ ਵੀ ਕਿਹਾ ਕਿ ਸਾਨੂੰ ਪਤਾ ਹੈ ਕਿ ਤੇਰੇ ਕੋਲ ਪੈਸੇ ਹਨ ਤੇ ਤੇਰਾ ਪੁੱਤ ਸ਼ੋਅਰੂਮ ਚਲਾਉਂਦਾ ਹੈ ਜੇਕਰ ਤੂੰ ਸਾਨੂੰ ਪੈਸੇ ਨਹੀਂ ਦਿੱਤੇ ਤਾਂ ਤੇਰੇ ਪੁੱਤ ਦੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ | ਜਿਸ ਦਾ ਤੈਨੂੰ ਕੁਝ ਸਮੇਂ ਦੇ ਵਿੱਚ ਹੀ ਪਤਾ ਲੱਗ ਜਾਵੇਗਾ |

ਉਹਨਾਂ ਦੱਸਿਆ ਕਿ ਕੁਝ ਸਮੇਂ ਬਾਅਦ ਕੁਝ ਵਿਅਕਤੀ ਸਾਡੇ ਸ਼ੋਅਰੂਮ ‘ਤੇ ਵੀ ਗਏ ਸਨ, ਜਿੰਨਾ ਸਬੰਧੀ ਅਸੀਂ ਪੁਲਿਸ ਨੂੰ ਜਾਣਕਾਰੀ ਦਿੱਤੀ ਹੈ | ਉਹਨਾਂ ਦੱਸਿਆ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਨੇ ਜੱਸੀ ਪੈਂਚਰ ਤੇ ਉਸ ਦੇ ਇੱਕ ਅਣਪਛਾਤੇ ਸਾਥੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Scroll to Top