ਅੰਮ੍ਰਿਤਸਰ, 21 ਜੁਲਾਈ 2023: ਅੰਮ੍ਰਿਤਸਰ (Amritsar) ਦੇ ਡੈਮਗੰਜ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਇੱਕ ਵਿਅਕਤੀ ਦੇ ਘਰ ਜਾ ਕੇ ਉਸਨੂੰ ਗੋਲੀ ਮਾਰ ਦਿੱਤੀ, ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ | ਫਿਲਹਾਲ ਜ਼ਖ਼ਮੀ ਵਿਅਕਤੀ ਨੂੰ ਅਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਸੰਬੰਧ ਵਿੱਚ ਗੱਲਬਾਤ ਕਰਦਿਆਂ ਜ਼ਖਮੀ ਵਿਅਕਤੀ ਦੇ ਪੁੱਤਰ ਮਨਜੋਤ ਸਿੰਘ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ‘ਤੇ ਕੰਮ ਕਰਕੇ ਘਰ ਵਾਪਸ ਆਇਆ, ਇਸ ਦੌਰਾਨ ਤਿੰਨ-ਚਾਰ ਜਣਿਆਂ ਨੇ ਘਰ ਦਾ ਦਰਵਾਜ਼ਾ ਖੜਕਾਇਆ, ਜਦੋਂ ਉਨ੍ਹਾਂ ਦੇ ਪਿਤਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਕਤ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਅਤੇ ਉਨ੍ਹਾਂ ਦੇ ਪੇਟ ਵਿੱਚ ਗੋਲੀ ਲੱਗੀ | ਸਾਰੇ ਵਿਅਕਤੀ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਜ਼ਖ਼ਮੀ ਵਿਅਕਤੀ ਦੇ ਪੁੱਤਰ ਨੇ ਦੱਸਿਆ ਤਿੰਨਾਂ ਨੋਜਵਾਨਾਂ ਦੀ ਪਛਾਣ ਹੋ ਗਈ ਹੈ | ਇਨ੍ਹਾ ਦਾ ਨਾਂ ਸਾਗਰ, ਦਾਨਿਸ਼ ਅਤੇ ਕੰਵਰ ਹੈ | ਇਸ ਦੇ ਨਾਲ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਪੁਕਾਰ ਲਗਾਈ ਹੈ।
ਇਸ ਮਾਮਲੇ ਵਿੱਚ ਥਾਣਾ ਗੇਟ ਹਕੀਮਾਂ ਦੇ ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਡੈਮਗੰਜ ਇਲਾਕੇ ਦੇ ਵਿੱਚ ਨਰਿੰਦਰਪਾਲ ਸਿੰਘ ਨਾਮਕ ਵਿਅਕਤੀ ਦੇ ਉੱਪਰ ਤਿੰਨ ਨੌਜਵਾਨਾਂ ਵੱਲੋਂ ਗੋਲੀ ਚਲਾਈ ਗਈ ਹੈ | ਨਰਿੰਦਰਪਾਲ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਹੁਣ ਉਹ ਖਤਰੇ ਤੋਂ ਬਾਹਰ ਹੈ | ਫਿਲਹਾਲ ਪੁਲਿਸ ਵਲੋਂ ਨੌਜਵਾਨਾਂ ਦੇ ਉੱਪਰ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |