ਚੰਡੀਗੜ੍ਹ, 16 ਸਤੰਬਰ 2024: ਵਿਧਾਨ ਸਭਾ ਚੋਣਾਂ 2024 ਦੇ ਵਿਚਾਲੇ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਜੰਮੂ ਜ਼ੋਨ ਦੇ ADGP ਆਨੰਦ ਜੈਨ ਦੇ ਇੱਕ ਫਰਜ਼ੀ ਫੇਸਬੁੱਕ ਖਾਤੇ ਦੀ ਪਛਾਣ ਕੀਤੀ ਹੈ । ਜਿਸ ਤੋਂ ਬਾਅਦ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ‘ਚ ਲੋਕਾਂ ਨੂੰ ਸੁਚੇਤ ਰਹਿਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸ਼ੱਕੀ ਔਨਲਾਈਨ ਗਤੀਵਿਧੀ ਦੀ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ।
ਪੁਲਿਸ ਦੇ ਧਿਆਨ ‘ਚ ਆਇਆ ਹੈ ਕਿ ਜੰਮੂ ਖੇਤਰ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ADGP) ਦੇ ਨਾਮ ਦੀ ਵਰਤੋਂ ਕਰਕੇ ਇੱਕ ਫਰਜ਼ੀ ਫੇਸਬੁੱਕ ਖਾਤਾ ਬਣਾਇਆ ਗਿਆ ਹੈ। ਇਹ ਧੋਖਾਧੜੀ ਵਾਲਾ ਕੰਮ ਘੋਰ ਉਲੰਘਣਾ ਹੈ ਅਤੇ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਕਿਸੇ ਵੀ ਖਾਤਿਆਂ ਨਾਲ ਨਾ ਜੁੜਨ ਅਤੇ ਜਾਣਕਾਰੀ ਲਈ ਜੰਮੂ-ਕਸ਼ਮੀਰ ਪੁਲਿਸ ਦੇ ਵੈਰੀਫਾਈਡ ਸੋਸ਼ਲ ਮੀਡੀਆ ਹੈਂਡਲਜ਼ ਦਾ ਹਵਾਲਾ ਦੇਣ। ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਬਿਆਨ ‘ਚ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਿੰਮੇਵਾਰਾਂ ਨੂੰ ਜਵਾਬਦੇਹ ਠਹਿਰਾਉਣ ਲਈ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।