June 24, 2024 5:51 pm
Chetan Singh Jouramajra

ਮੀਡੀਆ ਦਾ ਨਿਰਪੱਖ ਤੇ ਆਜ਼ਾਦ ਹੋਣਾ ਲੋਕਤੰਤਰ ਦੀ ਮਜ਼ਬੂਤੀ ਲਈ ਜ਼ਰੂਰੀ: ਚੇਤਨ ਸਿੰਘ ਜੋੜੇਮਾਜਰਾ

ਚੰਡੀਗੜ੍ਹ,18 ਮਾਰਚ 2023: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ (Chetan Singh Jouramajra) ਨੇ ਅੱਜ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਚੰਡੀਗੜ੍ ਵਿਖੇ ਸ਼ੁਰੂ ਹੋਈ ਦੋ ਰੋਜ਼ਾ ਮੀਟ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੇਜਬਾਨੀ ਹੇਠ ਇੰਡੀਅਨ ਜਰਨਲਿਸਟ ਯੂਨੀਅਨ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ 18 ਅਤੇ 19 ਮਾਰਚ 2023 ਨੂੰ ਕਿਸਾਨ ਭਵਨ, ਸੈਕਟਰ-35 ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ।

ਇਸ ਮੀਟਿੰਗ ਵਿੱਚ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਸ੍ਰੀਨਿਵਾਸ ਰੈਡੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਕੌਮੀ ਮੀਡੀਆ ਸਲਾਹਕਾਰ ਅਮਰ ਦੇਵਲਾਪੱਲੀ, ਸਾਬਕਾ ਪ੍ਰਧਾਨ ਐਸ ਐਨ ਸਿਨਹਾ, ਸਕਰਾਇਬ ਨਿਊਜ਼ ਮੈਗਜ਼ੀਨ ਦੇ ਸੰਪਾਦਕ ਸੁਰੇਸ਼ ਅਲਾਪਤੀ ਅਤੇ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਬਲਵਿੰਦਰ ਸਿੰਘ ਜੰਮੂ ਸਮੇਤ ਦੇਸ ਦੇ 20 ਸੂਬਿਆਂ ਤੋਂ 100 ਤੋਂ ਵੱਧ ਉੱਘੇ ਪੱਤਰਕਾਰ ਪਹੁੰਚੇ ਹਨ। ਇਸ ਮੀਟਿੰਗ ਦਾ ਮੰਤਵ ਮੀਡੀਆ ਨੂੰ ਲਗਾਤਾਰ ਆ ਰਹੀਆਂ ਚੁਣੌਤੀਆਂ ਤੇ ਚਰਚਾ ਕਰਨਾ ਅਤੇ ਉਨ੍ਹਾਂ ਦਾ ਢੁਕਵਾਂ ਹੱਲ ਕਰਨਾ ਹੈ।

ਇਸ ਮੌਕੇ ਪੱਤਰਕਾਰ ਭਾਈਚਾਰੇ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜੇਮਾਜਰਾ (Chetan Singh Jouramajra) ਨੇ ਕਿਹਾ ਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਉਨਾਂ ਕਿਹਾ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਵਿਚ ਮੀਡੀਆ ਦੀ ਅਹਿਮ ਭੂਮਿਕਾ ਹੁੰਦੀ ਹੈ। ਮੀਡੀਆ ਹੀ ਦੇਸ਼ ਦੁਨੀਆਂ ਦਾ ਅਸਲ ਸ਼ੀਸ਼ਾ ਸਮਾਜ ਦੇ ਸਾਹਮਣੇ ਪੇਸ਼ ਕਰਦਾ ਹੈ। ਉਨਾਂ ਕਿਹਾ ਕਿ ਮੀਡੀਆ ਦੀ ਵੀ ਇਹ ਪਹਿਲੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਮਾਜ ਵਿੱਚ ਚੱਲ ਰਹੀਆਂ ਅਸਲ ਗਤੀਵਿਧੀਆਂ ਨੂੰ ਲੋਕਾਂ ਸਾਹਮਣੇ ਪੇਸ਼ ਕਰੇ।

ਮੰਤਰੀ ਨੇ ਕਿਹਾ ਕਿ ਅੱਜ ਦੇ ਸਮਾਜ ਵਿਚ ਸ਼ੋਸਲ ਮੀਡੀਆ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਵਿੱਚ ਅਸਲੀਅਤ ਦੀ ਘਾਟ ਆ ਗਈ ਹੈ। ਉਨਾਂ ਕਿਹਾ ਕਿ ਅੱਜ ਅਸਲੀਅਤ ਤੋਂ ਦੂਰ ਹੋ ਕੇ ਸ਼ੋਸ਼ਲ ਮੀਡੀਆ ਨੂੰ ਕੇਵਲ ਆਪਣੇ ਆਪਣੇ ਹਿੱਤਾਂ ਦੀ ਪੂਰਤੀ ਲਈ ਵਰਤਿਆ ਜਾ ਰਿਹਾ ਹੈ। ਉਹਨਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ਤੇ ਹੋ ਰਹੇ ਪ੍ਰਚਾਰ ਨੂੰ ਵੀ ਵਿਚਾਰਦੇ ਹੋਏ ਸਮਾਜ ਸਾਹਮਣੇ ਅਸਲ ਤਸਵੀਰ ਨੂੰ ਪੇਸ਼ ਕਰਨ ਸਬੰਧੀ ਆਪਣੀ ਜ਼ਿੰਮੇਵਾਰੀ ਨਿਭਾਉਣ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਉਨਾਂ ਕਿਹਾ ਕਿ ਮੌਜੂਦਾ ਪ੍ਰਸਥਿਤੀਆਂ ਵਿਚ ਪੱਤਰਕਾਰ ਭਾਈਚਾਰੇ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ‘ਇੰਡੀਅਨ ਜਰਨਲਿਸਟਜ਼ ਯੂਨੀਅਨ’ ਦੀ ਦੋ ਰੋਜ਼ਾ ਮੀਟਿੰਗ ਵਿੱਚ ਸ਼ਿਰਕਤ ਕਰ ਰਹੀਆਂ ਦੇਸ਼ ਦੀਆਂ ਨਾਮਵਰ ਮੀਡੀਆ ਹਸਤੀਆਂ ਪੱਤਰਕਾਰ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਵਿਚਾਰਦੇ ਹੋਏ ਇਹਨਾਂ ਦੇ ਹੱਲ ਲਈ ਆਪਣੇ ਵਡਮੁੱਲੇ ਸੁਝਾਅ ਦੇਣਗੀਆਂ।

ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਹੋਰ ਮਜ਼ਬੂਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੀਡੀਆ ਨੂੰ ਹਰ ਸੰਭਵ ਸਹਾਇਤਾ ਮੁਹਈਆ ਕਰਵਾਈ ਜਾਵੇਗੀ । ਮੰਤਰੀ ਨੇ ਦੋ ਰੋਜ਼ਾ ਮੀਟ ਦੀ ਮੇਜ਼ਬਾਨ ਟੀਮ ਦੇ ਪ੍ਰਧਾਨ ਬਲਬੀਰ ਜੰਡੂ, ਮੀਤ ਪ੍ਰਧਾਨ ਜੈ ਸਿੰਘ ਛਿੱਬਰ, ਖਜ਼ਾਨਚੀ ਬਿੰਦੂ ਸਿੰਘ ਅਤੇ ਹੋਰਾਂ ਨੂੰ ਅੱਜ ਦੇ ਇਸ ਉਪਰਾਲੇ ਲਈ ਸ਼ੁਭਕਾਮਨਾਵਾਂ ਦਿੱਤੀਆਂ।