Chandigarh mayor election

ਚੰਡੀਗੜ੍ਹ ਮੇਅਰ ਚੋਣ ‘ਚ ਧਾਂਦਲੀ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਭਾਜਪਾ ਹੈੱਡਕੁਆਰਟਰ ‘ਤੇ ਕੀਤਾ ਜਾਵੇਗਾ ਪ੍ਰਦਰਸ਼ਨ: ਡਾ. ਸੰਦੀਪ ਪਾਠਕ

ਚੰਡੀਗੜ੍ਹ, 1 ਫਰਵਰੀ 2024 : ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ ਮੇਅਰ ਚੋਣ (Chandigarh mayor election) ਵਿੱਚ ਧਾਂਦਲੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਖ਼ਿਲਾਫ਼ ਦਿੱਲੀ ਸਥਿਤ ਹੈੱਡਕੁਆਰਟਰ ‘ਤੇ ਪ੍ਰਦਰਸ਼ਨ ਕਰੇਗੀ। ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਦਰਸ਼ਨ ਦੀ ਅਗਵਾਈ ਕਰਨਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ‘ਆਪ’ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਡਾਕਟਰ ਸੰਦੀਪ ਪਾਠਕ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਡਾ. ਸੰਦੀਪ ਪਾਠਕ ਨੇ ਕਿਹਾ ਕਿ ਚੰਡੀਗੜ੍ਹ ਮੇਅਰ ਦੀ ਚੋਣ (Chandigarh mayor election) ਵਿਚ ਇੰਡੀਆ ਗਠਜੋੜ ਨੂੰ ਸਪੱਸ਼ਟ ਬਹੁਮਤ ਮਿਲਿਆ ਹੈ। ਇਸ ਲਈ ਪਹਿਲਾਂ ਭਾਜਪਾ ਨੇ ਹਾਰਸ ਟਰੇਡਿੰਗ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾਕਾਮ ਰਹੇ ਤਾਂ ਉਨ੍ਹਾਂ ਨੇ ਸਾਜ਼ਿਸ਼ ਤਹਿਤ ਚੋਣਾਂ ਮੁਲਤਵੀ ਕਰ ਦਿੱਤੀਆਂ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 30 ਜਨਵਰੀ ਨੂੰ ਚੋਣ ਕਰਵਾਈ ਗਈ ਸੀ। ‘ਆਪ’ ਅਤੇ ਕਾਂਗਰਸ ਦੀਆਂ 20 ਅਤੇ ਭਾਜਪਾ ਦੀਆਂ 16 ਵੋਟਾਂ ਸਨ। ਪਰ ਭਾਜਪਾ ਦੇ ਪ੍ਰੀਜ਼ਾਈਡਿੰਗ ਅਫਸਰ ਨੇ ਧੋਖੇ ਨਾਲ ਸਾਡੀਆਂ 8 ਵੋਟਾਂ ਨੂੰ ਰਦ ਕਰ ਦਿੱਤਾ ਅਤੇ ਭਾਜਪਾ ਉਮੀਦਵਾਰ ਨੂੰ ਨਵਾਂ ਮੇਅਰ ਐਲਾਨ ਦਿੱਤਾ।

ਸੰਦੀਪ ਪਾਠਕ ਨੇ ਅੱਗੇ ਕਿਹਾ ਕਿ ਅਸੀਂ ਇਸ ਮਾਮਲੇ ਵਿਚ ਅਦਾਲਤ ਵਿਚ ਜਾ ਰਹੇ ਹਾਂ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਅਸੀਂ ਨਿਰਪੱਖ ਚੋਣ ਕਰਵਾਉਣ ਤੋਂ ਅਸਮਰੱਥ ਹਾਂ। ਇਹ ਬਹੁਤ ਗੰਭੀਰ ਮਾਮਲਾ ਹੈ। ਜੇਕਰ ਭਾਜਪਾ ਆਨ ਰਿਕਾਰਡ, ਜੋ ਅਸੀਂ ਚੋਣ ਪ੍ਰਕਿਰਿਆ ਦੀ ਵੀਡੀਓ ਵਿਚ ਦੇਖਿਆ ਹੈ, ਇਸ ਤਰ੍ਹਾਂ ਵੋਟਾਂ ਚੋਰੀ ਕਰ ਸਕਦੀ ਹੈ ਅਤੇ ਚੋਣਾਂ ਵਿਚ ਧਾਂਦਲੀ ਕਰ ਸਕਦੀ ਹੈ, ਤਾਂ ਸ਼ੱਕ ਹੈ ਕਿ ਉਹ ਹਰ ਦੂਜੀ ਚੋਣ ਵਿਚ ਅਜਿਹਾ ਕਰਦੀ ਹੈ ਅਤੇ ਇਸ ਤੋਂ ਵੀ ਮਹੱਤਵਪੂਰਨ ਹੈ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿਚ ਕੀ ਕਰੇਗੀ?

ਸੰਦੀਪ ਪਾਠਕ ਨੇ ਇਹ ਵੀ ਲਿਖਿਆ, “ਚੰਡੀਗੜ੍ਹ ਮੇਅਰ ਦੀਆਂ ਚੋਣਾਂ ਵਿੱਚ ਜਿਸ ਤਰ੍ਹਾਂ ਵੋਟਾਂ ਦੀ ਚੋਰੀ ਹੋਈ, ਉਸ ਨੂੰ ਦੇਖ ਕੇ ਪੂਰਾ ਦੇਸ਼ ਦੰਗ ਰਹਿ ਗਿਆ ਅਤੇ ਲੋਕਾਂ ਦਾ ਪੂਰੀ ਚੋਣ ਪ੍ਰਕਿਰਿਆ ਤੋਂ ਵਿਸ਼ਵਾਸ ਉੱਠ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵੋਟਾਂ ਦੀ ਚੋਰੀ ਤੋਂ ਬਚਾਉਣ ਅਤੇ ਭਾਜਪਾ ਨੂੰ ਬੇਨਕਾਬ ਕਰਨ ਲਈ ਆਮ ਆਦਮੀ ਪਾਰਟੀ ਭਲਕੇ ਦਿੱਲੀ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਰੋਸ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਕਿਉਂਕਿ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਸਾਨੂੰ ਅਜਿਹੀਆਂ ਬੇਇਨਸਾਫ਼ੀ ਅਤੇ ਗੈਰ-ਸੰਵਿਧਾਨਕ ਕਾਰਵਾਈਆਂ ਵਿਰੁੱਧ ਆਪਣਾ ਇਤਰਾਜ਼ ਦਰਜ ਕਰਵਾਉਣਾ ਪਵੇਗਾ।

Scroll to Top