Palestine

ਜੀਕੇ ਦੀ ਅਗਵਾਈ ‘ਚ ਸਿੱਖਾਂ ਦਾ ਇੱਕ ਵਫ਼ਦ ਭਾਰਤ ‘ਚ ਫਿਲੀਸਤੀਨ ਦੇ ਰਾਜਦੂਤ ਨੂੰ ਮਿਲਿਆ

ਨਵੀਂ ਦਿੱਲੀ, 2 ਨਵੰਬਰ 2023 (ਦਵਿੰਦਰ ਸਿੰਘ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਵਿੱਚ ਅੱਜ ਸਿੱਖਾਂ ਦਾ ਇੱਕ ਵਫ਼ਦ ਭਾਰਤ ਵਿੱਚ ਫਿਲੀਸਤੀਨ (Palestine) ਦੇ ਰਾਜਦੂਤ ਨੂੰ ਮਿਲਿਆ। ਇਸ ਮੀਟਿੰਗ ਦੌਰਾਨ ਵਫ਼ਦ ਦੇ ਮੈਂਬਰਾਂ ਨੇ ਫਲਸਤੀਨ ਦੇ ਰਾਜਦੂਤ ਅਦਨਾਨ ਮੁਹੰਮਦ ਜਾਬੇਰ ਅਬੂ ਅਲਹਾਇਜਾ ਨਾਲ ਲਗਭਗ ਅੱਧਾ ਘੰਟਾ ਖਿੱਤੇ ਵਿੱਚ ਚੱਲ ਰਹੇ ਮਨੁੱਖੀ ਸੰਕਟ ਬਾਰੇ ਚਰਚਾ ਕੀਤੀ ਤੇ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਬਹਾਲੀ ਦੀ ਵਕਾਲਤ ਕੀਤੀ।

ਇਸ ਦੇ ਨਾਲ ਹੀ ਮਨੁੱਖੀ ਸਹਾਇਤਾ ਵਜੋਂ ਫਿਲੀਸਤੀਨ (Palestine) ਨੂੰ ਜ਼ਰੂਰੀ ਦਵਾਈਆਂ ਅਤੇ ਕੱਚਾ ਰਾਸ਼ਨ ਆਦਿਕ ਭੇਜਣ ਦੀ ਵੀ ਵਫ਼ਦ ਵੱਲੋਂ ਪੇਸ਼ਕਸ਼ ਕੀਤੀ ਗਈ। ਵਫ਼ਦ ਵਿਚ ਜਾਗੋ ਪਾਰਟੀ ਦੇ ਸਕੱਤਰ ਜਨਰਲ ਡਾਕਟਰ ਪਰਮਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਸੂਬਾ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਦਿੱਲੀ ਕਮੇਟੀ ਮੈਂਬਰ ਸਤਨਾਮ ਸਿੰਘ ਖਾਲਸਾ, ਜਾਗੋ ਦੇ ਆਗੂ ਜਤਿੰਦਰ ਸਿੰਘ ਬੌਬੀ, ਬੀਬੀ ਦਵਿੰਦਰ ਕੌਰ ਅਤੇ ਸੁਖਮਨ ਸਿੰਘ ਮੌਜੂਦ ਸਨ। ਜੀਕੇ ਨੇ ਫਲਸਤੀਨ ਦੇ ਰਾਜਦੂਤ ਨੂੰ ਇੱਕ ਪੱਤਰ ਸੌਂਪਿਆ।

ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਜੀਕੇ ਨੇ ਦਸਿਆ ਕਿ ਫਲਸਤੀਨ (Palestine) ਦੇ ਰਾਜਦੂਤ ਨੇ ਪੱਛਮੀ ਦੇਸ਼ਾਂ ਦੀ ਬਦਮਾਸ਼ੀ ਦਾ ਹਵਾਲਾ ਦਿੰਦੇ ਹੋਏ ਫਿਲੀਸਤੀਨ ਵਿਖੇ ਮਨੁੱਖਤਾ ਦਾ ਬੇਰਹਿਮੀ ਨਾਲ ਕਤਲੇਆਮ ਹੋਣ ਦਾ ਦਾਅਵਾ ਕੀਤਾ ਹੈ। ਨਾਲ ਹੀ ਉਨ੍ਹਾਂ ਦਸਿਆ ਹੈ ਕਿ ਬ੍ਰਿਟਿਸ਼ ਵੱਲੋਂ 102 ਸਾਲ ਪਹਿਲਾਂ ਸਾਡੇ ਇੱਥੇ ਫਸਾਦ ਦਾ ਬੀਜ ਬੋਇਆ ਗਿਆ ਸੀ। ਜਿਸ ਦਾ ਖਮਿਆਜ਼ਾ ਅਸੀਂ ਹਜ਼ਾਰਾਂ ਜਾਨਾਂ ਗਵਾ ਕੇ ਭੁਗਤ ਰਹੇ ਹਨ। ਬਿਜਲੀ, ਪਾਣੀ ਤੇ ਖਾਣੇ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਹੁਣ ਤੱਕ ਇਸ ਜੰਗ ਵਿਚ 13 ਹਜ਼ਾਰ ਦੇ ਕਰੀਬ ਬੱਚੇ, ਜਵਾਨ ਅਤੇ ਔਰਤਾਂ ਮਾਰੀਆਂ ਗਈਆਂ ਹਨ। ਮਲਬੇ ਹੇਠਾਂ ਲਗਭਗ 2500 ਲੋਕ ਅਜੇ ਵੀ ਮਰੇ ਹੋਏ ਪਏ ਹਨ। ਸਾਡੇ ਲਈ ਇਹ ਲੜਾਈ ਮਹਤਵਪੂਰਣ ਹੈ, ਅਸੀਂ ਆਪਣੀ ਅਲ ਅਕਸਆ ਮਸਜਿਦ ਨੂੰ ਨਹੀਂ ਛੱਡ ਸਕਦੇ, ਕਿਉਂਕਿ ਉਹ ਸਾਡਾ ਪਹਿਲਾ ਕਰਬਲਾ ਹੈ।

ਫਿਲੀਸਤੀਨ ਦੇ ਰਾਜਦੂਤ ਨੂੰ ਜਾਗੋ ਵੱਲੋਂ ਦਿੱਤੇ ਗਏ ਪੱਤਰ ਅਨੁਸਾਰ, “ਦੁਨੀਆ ਭਰ ਦੇ ਸਿੱਖ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਨੂੰ ਲੈ ਕੇ ਡੂੰਘੇ ਚਿੰਤਤ ਹਨ, ਜਿਸ ਕਾਰਨ ਇਜ਼ਰਾਈਲ ਅਤੇ ਫਿਲੀਸਤੀਨ ਦੋਵਾਂ ਦੇਸ਼ਾਂ ਵਿੱਚ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਸਿੱਖਾਂ ਨੇ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਪ੍ਰਚਾਰੇ ਗਏ ਵਿਸ਼ਵ-ਵਿਆਪੀ ਭਾਈਚਾਰੇ ਦੇ ਸਿਧਾਂਤ ਦੇ ਅਨੁਸਾਰ ਅਸੀਂ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਲਈ ਹਮੇਸ਼ਾ ਵਚਨਬੱਧ ਹਾਂ। ਅਸੀਂ ਸਮਝਦੇ ਹਾਂ ਕਿ ਫਿਲੀਸਤੀਨ ਰਾਜ ਇਸ ਸਮੇਂ ਮਾਨਵਤਾਵਾਦੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਸਿੱਖਾਂ ਹਮੇਸ਼ਾ ਹੀ ਮਨੁੱਖਤਾ ਦੀ ਭਲਾਈ ਲਈ ਯਤਨਸ਼ੀਲ ਰਹੇ ਹਨ। ਇਸ ਸਬੰਧ ਵਿੱਚ ਅਸੀਂ ਫਿਲੀਸਤੀਨ ਦੇ ਲੋਕਾਂ ਨੂੰ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਨ ਲਈ ਸਾਡੇ ਵੱਲੋਂ ਸਹਾਇਤਾ ਦੀ ਪੇਸ਼ਕਸ਼ ਕਰਦੇ ਹਾਂ ਤੇ ਸਿਵਲ ਅਤੇ ਭੋਜਨ ਸਪਲਾਈ ਦੀਆਂ ਜ਼ਰੂਰਤਾਂ ਬਾਰੇ ਸਾਨੂੰ ਸੂਚਿਤ ਕੀਤਾ ਜਾ ਸਕਦਾ ਹੈ। ਅਸੀਂ ਸਾਰੀਆਂ ਧਿਰਾਂ ਨੂੰ ਜੰਗ ਵਿੱਚ ਸ਼ਾਮਲ ਹੋਣ ਤੋਂ ਰੋਕਣ ਅਤੇ ਵਿਸ਼ਵ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕਰਦੇ ਹਾਂ।” ਫਲਸਤੀਨ ਦੇ ਰਾਜਦੂਤ ਨੇ ਵਫ਼ਦ ਦਾ ਧੰਨਵਾਦ ਕਰਦਿਆਂ ਔਖੇ ਸਮੇਂ ਉਨ੍ਹਾਂ ਨਾਲ ਖੜ੍ਹਨ ਵਾਸਤੇ ਸਿੱਖ ਕੌਮ ਦਾ ਧੰਨਵਾਦ ਕੀਤਾ ਹੈ।

Scroll to Top