ਅੰਮ੍ਰਿਤਸਰ, 03 ਜੂਨ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਅੱਜ ਸਿੱਖ ਸੰਸਥਾ ਦਾ ਇਕ ਵਫ਼ਦ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੂੰ ਦਿੱਲੀ ਵਿਖੇ ਮਿਲਿਆ। ਇਸ ਮੁਲਾਕਾਤ ਗ੍ਰਹਿ ਮੰਤਰਾਲੇ ਦੇ ਦਫ਼ਤਰ ਵਿਖੇ ਹੋਈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵਫ਼ਦ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਾਂ ਸਬੰਧੀ ਕਈ ਅਹਿਮ ਮਸਲਿਆਂ ਉਤੇ ਵਿਚਾਰ ਕੀਤੀ।
ਗ੍ਰਹਿ ਮੰਤਰੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਚੁੱਕੇ ਗਏ ਅਹਿਮ ਮਸਲਿਆਂ ਦਾ ਹੱਲ ਕੱਢਣ ਲਈ ਵਿਸ਼ਵਾਸ ਦਿਵਾਇਆ। ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਇਲਾਵਾ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸੀਨੀਅਰ ਐਡਵੋਕੇਟ ਸ. ਏ.ਪੀ.ਐੱਸ ਆਹਲੂਵਾਲੀਆ, ਮੀਤ ਸਕੱਤਰ ਸ. ਸ਼ਾਹਬਾਜ਼ ਸਿੰਘ ਤੇ ਸ. ਲਖਵੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਆਈ.ਟੀ.ਵਿਭਾਗ ਤੋਂ ਸ. ਜਸਕਰਨ ਸਿੰਘ ਸ਼ਾਮਲ ਸਨ।