ਚੰਡੀਗੜ੍ਹ, 23 ਸਤੰਬਰ 2024: ਭਾਰਤ ‘ਚ ਐੱਮਪੌਕਸ (MPox) ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਦੇ ਮਲੱਪਪੁਰਮ ਜ਼ਿਲ੍ਹੇ ਦੇ ਇੱਕ 38 ਸਾਲਾ ਵਿਅਕਤੀ ਨੂੰ ਐਮਪੌਕਸ ਦੇ ਕਲੇਡ 1ਬੀ ਸਟ੍ਰੇਨ ਦਾ ਸੰਕਰਮਿਤ ਪਾਇਆ ਗਿਆ ਹੈ। ਨੌਜਵਾਨ ਹਾਲ ਹੀ ‘ਚ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਇਆ ਸੀ। ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਵਿਸ਼ਵ ਸਿਹਤ ਸੰਗਠਨ (WHO) ਨੇ MPox ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਵਿਦੇਸ਼ਾਂ ਤੋਂ ਪਰਤ ਰਹੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਲੱਛਣ ਨਜ਼ਰ ਆਉਣ ਤਾਂ ਸਿਹਤ ਵਿਭਾਗ ਨੂੰ ਸੂਚਿਤ ਕਰਨ ਅਤੇ ਇਲਾਜ ਕਰਵਾਉਣ।
ਉਨ੍ਹਾਂ ਨੇ ਸ਼ੋਸ਼ਲ ਮੀਡੀਆ ‘ਤੇ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਦੀ ਇੱਕ ਸੂਚੀ ਜਾਰੀ ਕੀਤੀ ਜਿੱਥੇ MPox ਤੋਂ ਪ੍ਰਭਾਵਿਤ ਲੋਕਾਂ ਲਈ ਇਲਾਜ ਅਤੇ ਕੁਆਰੰਟੀਨ ਸਹੂਲਤਾਂ ਦੇ ਪ੍ਰਬੰਧ ਕੀਤੇ ਹਨ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਸੂਬੇ ਦੇ ਸਾਰੇ ਮੈਡੀਕਲ ਕਾਲਜਾਂ ‘ਚ ਇਲਾਜ ਉਪਲਬੱਧ ਹੈ। ਇਸ ਦੇ ਨਾਲ ਹੀ ਕੇਰਲ ਦੇ ਸਿਹਤ ਵਿਭਾਗ ਨੇ ਸੂਬੇ ਦੇ ਹਵਾਈ ਅੱਡਿਆਂ ‘ਤੇ ਨਿਗਰਾਨੀ ਵਧਾ ਦਿੱਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਜਿੱਥੇ ਸੰਕਰਮਣ ਦੀ ਰਿਪੋਰਟ ਕੀਤੀ ਗਈ ਹੈ, ਜੇਕਰ ਉਨ੍ਹਾਂ ‘ਚ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਹਵਾਈ ਅੱਡੇ ‘ਤੇ ਰਿਪੋਰਟ ਕਰਨ।
ਕੇਰਲ ਨੇ 2022 ਵਿੱਚ ਐਮਪੀਓਕਸ ਫੈਲਣ ਤੋਂ ਬਾਅਦ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤੈਅ ਕੀਤੀ ਸੀ। ਇਸ ਅਨੁਸਾਰ, ਸੰਕਰਮਿਤ ਨੂੰ ਕੁਆਰੰਟੀਨ ਕਰਨ, ਨਮੂਨੇ ਲੈਣ ਅਤੇ ਉਨ੍ਹਾਂ ਦੇ ਇਲਾਜ ਲਈ ਪ੍ਰਬੰਧ ਕੀਤੇ ਗਏ ਸਨ। ਸਿਹਤ ਮੰਤਰੀ ਜਾਰਜ ਨੇ ਪ੍ਰਭਾਵਿਤ ਵਿਅਕਤੀਆਂ ਦੇ ਨਮੂਨਿਆਂ ਨੂੰ ਸੰਭਾਲਣ ਵਾਲੇ ਸਿਹਤ ਕਰਮਚਾਰੀਆਂ ਨੂੰ ਸੰਕਰਮਣ ਨਿਯੰਤਰਣ ਸੰਬੰਧੀ ਸਾਵਧਾਨੀਆਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਚਿਤਾਵਨੀ ਦਿੱਤੀ ਹੈ |