ਚੰਡੀਗੜ੍ਹ, 19 ਜੂਨ 2023: ਜਲੰਧਰ ਦੇ ਲਾਡੋਵਾਲੀ ਰੋਡ ‘ਤੇ ਸਥਿਤ ਨਿਊ ਦਸਮੇਸ਼ ਨਗਰ ‘ਚ ਬਰਫ਼ ਫੈਕਟਰੀ ‘ਚੋਂ ਅਮੋਨੀਆ ਗੈਸ ਲੀਕ (Gas Leak Case) ਹੋਣ ਦੇ ਮਾਮਲੇ ‘ਚ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਨੇ ਫੈਕਟਰੀ ਮਾਲਕ ਅਨਿਲ ਮਿੱਤਲ ਖ਼ਿਲਾਫ਼ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਅਤੇ ਲੋਕਾਂ ਦੀ ਜਾਨ ਨੂੰ ਖਤਰਾ ਪੈਦਾ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਥਾਣਾ ਸਿਟੀ ਨਵੀਂ ਬਾਰਾਦਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਕਤ ਐਫਆਈਆਰ ਰਣਜੀਤ ਸਿੰਘ ਵਾਸੀ ਨਿਊ ਦਸਮੇਸ਼ ਨਗਰ ਦੇ ਬਿਆਨਾਂ ’ਤੇ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਨਿਲ ਮਿੱਤਲ ਖ਼ਿਲਾਫ਼ ਧਾਰਾ 278, 284, 336 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਉਸ ਦੀ ਗ੍ਰਿਫ਼ਤਾਰੀ ਦਿਖਾਈ ਜਾਵੇਗੀ, ਜਦੋਂਕਿ ਫੈਕਟਰੀ ਨੂੰ ਰਿਹਾਇਸ਼ੀ ਖੇਤਰ ਤੋਂ ਸ਼ਿਫਟ ਕਰਨ ਲਈ ਨੋਟਿਸ ਵੀ ਜਾਰੀ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਨਿਊ ਦਸਮੇਸ਼ ਨਗਰ ‘ਚ ਅਮੋਨੀਆ ਗੈਸ ਲੀਕ (Gas Leak Case) ਹੋਣ ਕਾਰਨ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ ਸੀ। ਉਕਤ ਇਲਾਕੇ ‘ਚ ਸਥਿਤ ਬਰਫ਼ ਫੈਕਟਰੀ ਜਗਦੰਬੇ ਕੋਲਡ ਸਟੋਰ ਤੋਂ ਗੈਸ ਲੀਕ ਹੋਈ। ਗੈਸ ਲੀਕ ਹੋਣ ਕਾਰਨ ਕੁਝ ਲੋਕਾਂ ਨੇ ਉਲਟੀਆਂ ਦੀ ਸ਼ਿਕਾਇਤ ਵੀ ਕੀਤੀ | ਮੌਕੇ ‘ਤੇ ਫਾਇਰ ਬ੍ਰਿਗੇਡ ਵਿਭਾਗ ਅਤੇ ਥਾਣਾ ਨਵੀਂ ਬਾਰਾਦਰੀ ਦੀ ਪੁਲਿਸ ਵੀ ਪਹੁੰਚ ਗਈ ਸੀ। ਹਾਲਾਂਕਿ ਫੈਕਟਰੀ ਮਾਲਕ ਦਾ ਕਹਿਣਾ ਹੈ ਕਿ ਉਕਤ ਗੈਸ ਸੀਵਰੇਜ ਦੀ ਹੈ ਪਰ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਫੈਕਟਰੀ ਵਿੱਚੋਂ ਪਹਿਲਾਂ ਵੀ ਗੈਸ ਲੀਕ ਹੋਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।