July 4, 2024 10:56 pm
Samana

ਵਿਦੇਸ਼ ਭੇਜਣ ਦੇ ਨਾਂ ‘ਤੇ 14 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਮਾਮਲਾ ਦਰਜ

ਪਟਿਆਲਾ 02 ਜਨਵਰੀ 2023: ਆਪਣੇ ਸੁਨਹਿਰੀ ਭਵਿੱਖ ਲਈ ਨੌਜਵਾਨ ਪੀੜ੍ਹੀ ਬਾਹਰਲੇ ਮੁਲਕਾਂ ਰੁਖ਼ ਕਰ ਰਹੀ ਹੈ | ਇਸ ਦੌਰਾਨ ਨੌਜਵਾਨਾਂ ਨਾਲ ਕਈ ਠੱਗੀ ਦੇ ਮਾਮਲੇ ਵੀ ਸਾਹਮਣੇ ਆਉਦੇ ਰਹਿੰਦੇ ਹਨ | ਅਜਿਹਾ ਇਕ ਹੋਰ ਤਾਜ਼ਾ ਮਾਮਲਾ ਪਟਿਆਲਾ ਦੇ ਹਲਕਾ ਸਮਾਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪਟਿਆਲਾ ਦੇ ਹਲਕਾ ਸਮਾਣਾ ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਮ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰੇ ਜਾਣ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਧਾਰਾ 406,420 ਤੇ 120 ਬੀ ਤਹਿਤ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਤਪਾਲ ਸਿੰਘ ਵਾਸੀ ਖ਼ਾਲਸਾ ਕਲੋਨੀ, ਸਮਾਣਾ ਵੱਲੋਂ ਦਰਜ਼ ਕਰਵਾਈ ਸ਼ਿਕਾਇਤ ਅਨੁਸਾਰ ਸੰਦੀਪ ਗੋਇਲ ਵਾਸੀ ਇੰਦਰਾਪੁਰੀ ਸਮਾਣਾ,ਰਾਹੁਲ ਸੂਦ ਵਾਸੀ ਦਿੱਲੀ ਜੋ ਕਿ ਇਮੀਗ੍ਰੇਸ਼ਨ ਦਾ ਕੰਮ ਕਰਦੇ ਹਨ। ਜਿਨਾਂ ਨੇ ਉਸ ਦੇ ਲੜਕੇ ਏਕਨੂਰ ਨੂੰ ਪੁਰਤਗਾਲ ਭੇਜਣ ਲਈ 16.50 ਲੱਖ ਰੁਪਏ ਵਿਚ ਸੋਦਾ ਤਹਿ ਕੀਤਾ ਸੀ। ਜਿਸ ਵਿਚ ਉਨਾਂ ਨੇ 6 ਲੱਖ ਰੁਪਏ ਐਡਵਾਂਸ, 6 ਲੱਖ ਸਰਬੀਆ ਪਹੁੰਚਣ ‘ਤੇ ਅਤੇ ਸਾਢੇ 4 ਲੱਖ ਪੁਰਤਗਾਲ ਪਹੁੰਚਣ ਤੋਂ ਬਾਅਦ ਦੇਣੇ ਸਨ।

ਉਨ੍ਹਾਂ ਨੇ ਅੱਗੇ ਦੱਸਿਆ ਕਿ 28 ਜੂਨ ਨੂੰ ਸਤਪਾਲ ਸਿੰਘ ਨੇ ਵੱਖ-ਵੱਖ ਬੈਂਕਾਂ ‘ਚੋਂ 6 ਲੱਖ ਰੁਪਏ ਕੱਢਵਾ ਕੇ, ਪਾਸਪੋਰਟ,ਅਧਾਰ ਕਾਰਡ ਅਤੇ ਪੈਨ ਕਾਰਡ ਦੀ ਕਾਪੀ ਸੰਦੀਪ ਗੋਇਲ ਨੂੰ ਦੇ ਦਿੱਤੇ। 4 ਜੁਲਾਈ ਨੂੰ ਸੰਦੀਪ ਗੋਇਲ ਉਸ ਦੇ ਲੜਕੇ ਏਕਨੂਰ ਨੂੰ ਦਿੱਲੀ ਲੈ ਗਿਆ ਤੇ 6 ਜੁਲਾਈ ਨੂੰ ਸਰਬੀਆ ਭੇਜ ਦਿੱਤਾ। ਜਿਸ ਤੇ 2 ਲੱਖ ਰੁਪਏ ਉਸ ਨੇ ਆਪਣੇ ਦੋਸਤ ਕਮਲ ਗੋਇਲ ਰਾਹੀ ਦੁਕਾਨ ਤੇ ਭੇਜੇ। 8 ਜੁਲਾਈ ਨੂੰ ਏਕਨੂਰ ਨਾਲ ਸਰਬੀਆ ਤੋਂ ਗੱਲ ਕਰਵਾ ਦਿੱਤੀ। ਜਿਸ ਮੁਤਾਬਕ ਉਸ ਨੇ 6 ਲੱਖ ਰੁਪਏ ਹੋਰ ਬੈਂਕ ਖਾਤਿਆਂ ਵਿਚੋਂ ਕੱਢਵਾ ਕੇ ਸੰਦੀਪ ਦੇ ਪਿਤਾ ਮਹਿੰਦਰਪਾਲ ਤੇ ਭਰਾ ਰਨਦੀਪ ਗੋਇਲ ਨੂੰ ਦੇ ਦਿੱਤੇ।

ਅਧਿਕਾਰੀ ਅਨੁਸਾਰ ਉਕਤ ਮੁਲਜ਼ਮਾਂ ਨੇ ਏਕਨੂਰ ਨੂੰ ਸਰਬੀਆ ਤੋਂ ਅਰਮਾਨੀਆਂ ਜੰਗਲਾ ਰਾਹੀ ਪੈਦਲ ਤੋਰ ਕੇ ਗਲਤ ਤਰੀਕੇ ਨਾਲ ਇਟਲੀ ਭੇਜ ਕੇ ਉਸ ਕੋਲੋਂ ਪਾਸਪੋਰਟ ਤੇ ਕੱਪੜਿਆਂ ਵਾਲੇ ਬੈਗ ਖੋਹ ਲਏ ਅਤੇ ਢਾਈ ਲੱਖ ਰੁਪਏ ਇਕਰਾਰ ਮੁਤਾਬਕ ਹੋਰ ਮੰਗਣ ਲੱਗ ਪਏ। ਜਦੋਂ ਸਤਪਾਲ ਸਿੰਘ ਨੇ ਉਨਾਂ ਨੂੰ ਇਸ ਤਰਾਂ ਨਾਜਾਇਜ਼ ਤਰੀਕੇ ਨਾਲ ਭੇਜਣ ਦਾ ਇਤਰਾਜ ਕੀਤਾ ਤਾਂ ਉਹ ਅਗੋਂ ਧਮਕੀਆਂ ਦੇਣ ਲੱਗੇ ਕਿ ਅਸੀ ਤੇਰੇ ਲੜਕੇ ਨੂੰ ਨਾਂ ਤਾਂ ਅੱਗੇ ਭੇਜਾਂਗੇ ਤੇ ਨਾਂ ਹੀ ਪਾਸਪੋਰਟ ਦੇਵਾਗੇਂ।

ਜਿਸ ਕਾਰਨ ਸਤਪਾਲ ਸਿੰਘ ਨੇ ਉਚ ਪੁਲਿਸ ਅਧਿਕਾਰੀਆਂ ਨੂੰ ਉਕਤ ਵਿਅਕਤੀਆਂ ਖਿਲਾਫ ਕਬੂਤਰ ਬਾਜ਼ੀ,ਮਾਨਵ ਤੱਸਕਰੀ ਅਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਸ਼ਿਕਾਇਤ ਦੇ ਕੇ ਇਨਸ਼ਾਫ ਦੀ ਮੰਗ ਕੀਤੀ ਸੀ। ਸਤਪਾਲ ਸਿੰਘ ਨੇ ਕਿਹਾ ਕਿ ਮੈਂ ਮਹਿੰਦਰ ਕੁਮਾਰ ( ਬਿੰਦੀ ) ਟਰੰਕ ਪੇਟੀਆ ਵਾਲੇ ਨੂੰ 6 ਲੱਖ ਰੁਪਏ ਕੇਸ ਦਿੱਤੇ ਸਨ | ਉਸ ਦੇ ਖਿਲਾਫ਼ ਮਾਮਲਾ ਦਰਜ ਕੀਤਾ ਜਾਵੇ |

ਸਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਹਿੰਦਰ ਕੁਮਾਰ ਦੇ ਪੁੱਤਰ ਤੇ ਮਾਮਲਾ ਦਰਜ ਕਰ ਲਿਆ ਹੈ, ਪਰ ਮਹਿੰਦਰ ਕੁਮਾਰ ‘ਤੇ ਕਿਉਂ ਨਹੀਂ ਕੀਤਾ ਜਦੋਂ ਕਿ ਉਸ ‘ਤੇ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ | ਇਸ ਦੌਰਾਨ ਥਾਣਾ ਮੁਖੀ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਮਾਮਲਾ ਦਰਜ਼ ਕਰਕੇ ਮੁਲਜ਼ਮਾ ਦੀ ਭਾਲ ਕੀਤੀ ਜਾ ਰਹੀ ਹੈ।ਥਾਣਾ ਸਿਟੀ ਮੁਖੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕਾਰਵਾਈ ਦੌਰਾਨ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ |