Bribe

ਸਰਕਾਰੀ ਜ਼ਮੀਨ ਦਾ ਨਜਾਇਜ਼ ਇੰਤਕਾਲ ਤੇ 1 ਕਰੋੜ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਹੇਠ ਪਟਵਾਰੀ ਤੇ ਦੋ ਹੋਰ ਜਣਿਆਂ ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ, 13 ਅਗਸਤ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਸਰਕਾਰੀ ਜ਼ਮੀਨ ਦਾ ਨਜਾਇਜ਼ ਇੰਤਕਾਲ ਕਰਵਾ ਕੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਲੈਣ ਦੇ ਦੋਸ਼ ਹੇਠ ਇੱਕ ਪਟਵਾਰੀ (Patwari) ਤੇ ਦੋ ਹੋਰ ਵਿਅਕਤੀਆਂ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ | ਮੁਲਜ਼ਮਾਂ ਦੀ ਪਛਾਣ ਮੋਗਾ ਜ਼ਿਲ੍ਹੇ ਦੇ ਮਾਲ ਹਲਕਾ ਕਿਸ਼ਨਪੁਰਾ ਕਲਾਂ ਦੇ ਪਟਵਾਰੀ ਨਵਦੀਪ ਸਿੰਘ, ਦਿਲਖੁਸ਼ ਕੁਮਾਰੀ, ਪਿੰਡ ਅਦਰਾਮਨ (ਮੋਗਾ) ਅਤੇ ਹਰਮਿੰਦਰ ਸਿੰਘ ਉਰਫ਼ ਗਗਨ ਵਾਸੀ ਪਿੰਡ ਰਸੂਲਪੁਰ (ਮੋਗਾ) ਵਜੋਂ ਹੋਈ ਹੈ |

ਇਨ੍ਹਾਂ ਮੁਲਜ਼ਮਾਂ ਖ਼ਿਲਾਫ ਆਪਸੀ ਮਿਲੀਭੁਗਤ ਨਾਲ ਸਰਕਾਰੀ ਜ਼ਮੀਨ ਦੀ ਮਲਕੀਅਤ ਸੰਬੰਧੀ ਜਾਅਲੀ ਰਿਪੋਰਟਾਂ ਤਿਆਰ ਕਰਕੇ 10,065,724 ਰੁਪਏ ਦਾ ਮੁਆਵਜ਼ਾ ਪ੍ਰਾਪਤ ਕਰਨ ਬਦਲੇ ਅਪਰਾਧਕ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਨੇ ਵਿਜੀਲੈਂਸ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) (ਏ) ਅਤੇ 13(2) ਅਤੇ ਆਈ.ਪੀ.ਸੀ. ਦੀ ਧਾਰਾ 409, 465, 466, 467, 468, 471, 120-ਬੀ ਤਹਿਤ ਉਕਤ 3 ਮੁਲਜ਼ਮਾਂ ਖ਼ਿਲਾਫ਼ FIR ਨੰਬਰ 19 ਮਿਤੀ 12.08.2024 ਦਰਜ ਕੀਤੀ ਹੈ।

ਵਿਜੀਲੈਂਸ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਅਦਰਾਮਨ (ਜ਼ਿਲ੍ਹਾ ਮੋਗਾ) ਮੁੜ ਵਸੇਬਾ ਵਿਭਾਗ ਦੀ ਸਰਕਾਰੀ ਜ਼ਮੀਨ ਫਰਜ਼ੀ ਢੰਗ ਨਾਲ ਦਿਲਖੁਸ਼ ਕੁਮਾਰੀ ਦੇ ਨਾਂ ‘ਤੇ ਤਬਦੀਲ ਕਰਕੇ ਦਿੱਤੀ ਅਤੇ ਉਸਦੇ ਨਾਂ ‘ਤੇ ਇੰਤਕਾਲ ਦਰਜ ਕਰਵਾ ਦਿੱਤਾ। ਇਸ ਇੰਤਕਾਲ ‘ਤੇ ਛਿੰਦਾ ਪਟਵਾਰੀ ਵੱਲੋਂ ਦਸਤਖਤ ਕੀਤੇ ਜੋ ਕਿ ਪਿੰਡ ਰੇਡਵਾਂ ਦੇ ਸਬੰਧਤ ਮਾਲ ਹਲਕਾ ਵਿਖੇ ਤਾਇਨਾਤ ਨਹੀਂ ਸੀ, ਉਸਦੀ 2021 ‘ਚ ਮੌਤ ਹੋ ਗਈ ਸੀ |

ਪੜਤਾਲ ਦੌਰਾਨ ਪਾਇਆ ਗਿਆ ਕਿ ਹਿਸੀਲ ਧਰਮਕੋਟ ਵਿਖੇ ਤਾਇਨਾਤ ਤਤਕਾਲੀ ਕਾਨੂੰਗੋ ਅਤੇ ਨਾਇਬ ਤਹਿਸੀਲਦਾਰ ਨੇ ਦੇ ਬਿਆਨਾਂ ਮੁਤਾਬਕ ਉਕਤ ਜ਼ਮੀਨ ਦੇ ਇਸ ਤਬਾਦਲੇ ‘ਤੇ ਦਸਤਖਤ ਨਹੀਂ ਕੀਤੇ ਸਨ , ਜਿਸ ਕਰਕੇ ਇਸ ‘ਤੇ ਸ਼ੱਕ ਹੋਇਆ | ਇਸ ਜ਼ਮੀਨ ‘ਚੋਂ ਕੁਝ ਰਕਬਾ ਨੈਸ਼ਨਲ ਮਾਰਗ ਬਣਾਉਣ ਲਈ ਐਕੁਆਇਰ ਕੀਤਾ ਸੀ ਅਤੇ ਦਿਲਖੁਸ਼ ਕੁਮਾਰੀ ਵੱਲੋਂ 18,53,661 ਰੁਪਏ ਅਤੇ 82,12,063 ਰੁਪਏ ਦਾ ਮੁਆਵਜ਼ਾ ਹਾਸਲ ਕੀਤਾ ਗਿਆ ਸੀ |

ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਸਦਾ ਏ-ਰੋਲ ਉਕਤ ਪਟਵਾਰੀ (Patwari) ਨਵਦੀਪ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਉਕਤ ਪਟਵਾਰੀ ਨੇ ਮੁਲਜ਼ਮ ਦਿਲਖੁਸ਼ ਕੁਮਾਰੀ ਨੂੰ ਇਹ ਨਜਾਇਜ਼ ਮੁਆਵਜ਼ਾ ਦਿਵਾਉਣ ਲਈ ਮੁਲਜ਼ਮ ਹਰਮਿੰਦਰ ਸਿੰਘ ਉਰਫ਼ ਗਗਨ ਨਾਲ ਮਿਲੀਭੁਗਤ ਕੀਤੀ ਸੀ।

Scroll to Top