July 7, 2024 4:34 pm
ਸਿੰਗਾ

ਹਥਿਆਰਾਂ ਵਾਲੇ ਗੀਤਾਂ ਨੂੰ ਪਰਮੋਟ ਕਰਨ ਦੇ ਦੋਸ਼ ‘ਚ ਪੰਜਾਬੀ ਗਾਇਕ ਸਿੰਗਾ ਸਮੇਤ 5 ਜਣਿਆਂ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 10 ਅਗਸਤ 2023: ਪੰਜਾਬ ਦੇ ਇਕ ਨਾਮੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ (Singga) ਵਲੋਂ ਹਾਲ ਹੀ ਵਿਚ ਜਾਰੀ ਕੀਤੇ ਗਏ ਇਕ ਗੀਤ ਵਿੱਚ ਲੱਚਰ ਤੇ ਇਤਰਾਜ਼ ਯੋਗ ਸ਼ਬਦਾਂ ਦੀ ਵਰਤੋਂ ਕਰਨ ਦੇ ਕਥਿਤ ਦੋਸ਼ ਵਿਚ ਥਾਣਾ ਸਿਟੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ਼ ਸਿੰਗਾ , ਪ੍ਰੋਡਿਊਸਰ ਬਿਗ ਕੇ ਸਿੰਘ, ਡਾਇਰੈਕਟਰ ਅਮਨਦੀਪ ਸਿੰਘ, ਵਿਰਨ ਵਰਮਾ ਤੇ ਜਤਿਨ ਅਰੋੜਾ ਵਿਰੁੱਧ ਧਾਰਾ 294-120ਬੀ ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ।

ਅਮਨਦੀਪ ਸਹੋਤਾ ਪ੍ਰਧਾਨ ਭੀਮ ਰਾਓ ਯੁਵਾ ਫੋਰਸ ਕਪੂਰਥਲਾ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਪਹਿਲਾਂ ਵੀ ਹਥਿਆਰਾਂ ਵਾਲੇ ਗਾਣਿਆਂ ਨੂੰ ਪ੍ਰਮੋਟ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ਪਾਉਣ ਦੀ ਕਥਿਤ ਤੌਰ ‘ਤੇ ਕੋਸ਼ਿਸ਼ ਕਰਦਾ ਰਿਹਾ ਹੈ ਤੇ ਹੁਣ ਉਸ ਨੇ ਇਕ ਨਵਾਂ ਗੀਤ ਲਗਭਗ ਇਕ ਮਹੀਨਾ ਪਹਿਲਾਂ ਲਾਂਚ ਕੀਤਾ ਹੈ ਜੋ ਪੰਜਾਬੀ ਚੈਨਲਾਂ ‘ਤੇ ਨਿਰੰਤਰ ਚੱਲ ਰਿਹਾ ਹੈ, ਜਿਸ ਵਿਚ ਪੂਰੀ ਲੱਚਰਤਾ ਤੇ ਅਸ਼ਲੀਲਤਾ ਭਰੀ ਹੋਈ ਹੈ ।

ਥਾਣਾ ਸਿਟੀ ਪੁਲਿਸ ਨੇ ਅਮਨਦੀਪ ਸਹੋਤਾ ਦੀ ਸ਼ਿਕਾਇਤ ‘ਤੇ ਮਨਪ੍ਰੀਤ ਸਿੰਘ ਉਰਫ ਸਿੰਗਾ (Singga) ਤੇ ਉਸਦੇ ਚਾਰ ਹੋਰ ਸਾਥੀਆਂ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਮਾਮਲੇ ਦੀ ਜਾਂਚ ਏ.ਐਸ.ਆਈ. ਦਵਿੰਦਰਪਾਲ ਵਲੋਂ ਕੀਤੀ ਜਾ ਰਹੀ ਹੈ ।