bribe

ਜਲੰਧਰ ਦੇ ਆਪਣੇ ਹੀ ਥਾਣੇ ‘ਚ SHO ਖ਼ਿਲਾਫ਼ ਮਾਮਲਾ ਦਰਜ, ਰਿਸ਼ਵਤ ਲੈਣ ਦੇ ਲੱਗੇ ਦੋਸ਼

ਚੰਡੀਗੜ੍ਹ, 08 ਦਸੰਬਰ 2023: ਪੰਜਾਬ ਦੇ ਜਲੰਧਰ ਦੇ ਰਾਮਾਮੰਡੀ ਥਾਣੇ ਦੇ ਐਸਐਚਓ ਰਾਜੇਸ਼ ਕੁਮਾਰ ਅਰੋੜਾ ਨੂੰ ਕਮਿਸ਼ਨਰੇਟ ਪੁਲਿਸ ਨੇ ਰਿਸ਼ਵਤ (bribe) ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਰੋੜਾ ਖ਼ਿਲਾਫ਼ ਉਨ੍ਹਾਂ ਦੇ ਹੀ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐਫਆਈਆਰ ਵਿੱਚ ਐਸਐਚਓ ਦੇ ਦੋ ਸਾਥੀ ਕਰਮਚਾਰੀਆਂ ਦਾ ਨਾਮ ਵੀ ਦਰਜ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਸੰਦੀਪ ਅਤੇ ਮੁਲਾਜ਼ਮ ਅਨਵਰ ਵਜੋਂ ਹੋਈ ਹੈ।

ਇੰਸਪੈਕਟਰ ਰਾਜੇਸ਼ ਅਰੋੜਾ ‘ਤੇ ਸਪਾ ਸੈਂਟਰ ਦੇ ਮਾਲਕ ਤੋਂ ਕਰੀਬ 2.50 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਲੱਗੇ ਹਨ । ਇਸ ਮਾਮਲੇ ‘ਚ ਸ਼ੁੱਕਰਵਾਰ ਸਵੇਰੇ ਉਸ ਨੂੰ ਆਪਣੇ ਹੀ ਅਧਿਕਾਰੀਆਂ ਨੇ ਗ੍ਰਿਫਤਾਰ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਜਲਦ ਹੀ ਰਾਜੇਸ਼ ਅਰੋੜਾ ਨੂੰ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਵੇਗੀ।

ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨਾਂ ਖ਼ਿਲਾਫ਼ ਥਾਣਾ ਰਾਮਾਮੰਡੀ ਵਿੱਚ ਹੀ ਕੇਸ ਦਰਜ ਕੀਤਾ ਗਿਆ ਹੈ। ਭ੍ਰਿਸ਼ਟਾਚਾਰ ਐਕਟ ਸਮੇਤ ਆਈਪੀਸੀ ਦੀ ਧਾਰਾ 342 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਤੜਕੇ ਹੀ ਮਾਮਲਾ ਦਰਜ ਕਰ ਲਿਆ ਗਿਆ ਅਤੇ ਐੱਸਐੱਚਓ ਨੂੰ ਤੁਰੰਤ ਥਾਣੇ ਤੋਂ ਹੀ ਹਿਰਾਸਤ ‘ਚ ਲੈ ਲਿਆ ਗਿਆ। ਜੇਸੀਪੀ ਸੰਦੀਪ ਕੁਮਾਰ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਰਾਜੇਸ਼ ਕੁਮਾਰ ਉਰਫ ਸਾਬੀ ਨੇ ਦੱਸਿਆ ਕਿ ਉਹ ਰਾਮਾਮੰਡੀ ਨੇੜੇ ਗ੍ਰੈਂਡ ਬਾਡੀ ਨਾਂ ਦਾ ਸਪਾ ਸੈਂਟਰ ਚਲਾਉਂਦਾ ਹੈ। ਸਾਬੀ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਸ਼ਾਮ 4 ਵਜੇ ਦੇ ਕਰੀਬ ਪੁਲਿਸ ਮੁਲਾਜ਼ਮਾਂ ਅਨਵਰ ਅਤੇ ਸੰਦੀਪ ਨੇ ਆਪਣੀ ਟੀਮ ਦੇ ਨਾਲ ਉਨ੍ਹਾਂ ਦੇ ਸਪਾ ਸੈਂਟਰ ‘ਤੇ ਛਾਪਾ ਮਾਰਿਆ ਸੀ। ਉਸ ਦੀ ਪਤਨੀ ਗੀਤਾ ਸਪਾ ਸੈਂਟਰ ਵਿੱਚ ਮੌਜੂਦ ਸੀ। ਉਸ ਦੇ ਨਾਲ ਸਪਾ ਸੈਂਟਰ ਵਿੱਚ ਕੰਮ ਕਰਨ ਵਾਲੀਆਂ ਚਾਰ ਲੜਕੀਆਂ ਵੀ ਸੈਂਟਰ ਦੇ ਅੰਦਰ ਸਨ। ਜਿੱਥੇ ਦੋਵਾਂ ਮੁਲਾਜ਼ਮਾਂ ਵੱਲੋਂ ਔਰਤਾਂ ਨੂੰ ਕਥਿਤ ਤੌਰ ‘ਤੇ ਤੰਗ-ਪ੍ਰੇਸ਼ਾਨ ਕੀਤਾ ਗਿਆ ਅਤੇ ਅੰਦਰ ਲੱਗੇ ਸੀਸੀਟੀਵੀ ਨੂੰ ਬੰਦ ਕਰ ਦਿੱਤਾ।

ਪੀੜਤਾ ਮੁਤਾਬਕ ਬਿਨਾਂ ਕਿਸੇ ਮਹਿਲਾ ਪੁਲਿਸ ਕਰਮਚਾਰੀ ਦੇ ਸਾਰੀਆਂ ਔਰਤਾਂ ਨੂੰ ਰਾਮਾਮੰਡੀ ਥਾਣੇ ਦੀ ਨੰਗਲ ਸ਼ਾਮਾ ਚੌਕੀ ਲੈ ਜਾਇਆ ਗਿਆ ਅਤੇ ਉੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ। ਜਦੋਂ ਕਥਿਤ ਪੈਸੇ ਦੀ ਗੱਲ ਆਈ ਤਾਂ ਉਸ ਨੂੰ ਬਿਨਾਂ ਐਫਆਈਆਰ ਦਰਜ ਕੀਤੇ ਛੱਡ ਦਿੱਤਾ ਗਿਆ।

ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਸਾਬੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਜਿਸ ਤੋਂ ਬਾਅਦ ਪੁਲਿਸ ਨੇ ਸਾਬੀ ਦੀ ਪਤਨੀ ਅਤੇ ਉਸ ਦੀਆਂ ਚਾਰ ਮਹਿਲਾ ਵਰਕਰਾਂ ਨੂੰ ਬਿਨਾਂ ਕੇਸ ਦਰਜ ਕੀਤੇ ਛੱਡ ਦਿੱਤਾ। ਇਸ ਦੇ ਬਦਲੇ ਕਥਿਤ ਤੌਰ ‘ਤੇ ਕਰੀਬ 2.50 ਲੱਖ ਰੁਪਏ ਦੀ ਮੰਗ ਕੀਤੀ ਗਈ। ਪੀੜਤ ਨੇ ਕਥਿਤ ਤੌਰ ‘ਤੇ ਕਿਸੇ ਤਰ੍ਹਾਂ ਢਾਈ ਲੱਖ ਰੁਪਏ (bribe) ਇਕੱਠੇ ਕਰ ਕੇ ਪੁਲਿਸ ਨੂੰ ਦੇ ਦਿੱਤੇ। ਦੋਵਾਂ ਮੁਲਾਜ਼ਮਾਂ ਨੇ ਸਾਬੀ ਨੂੰ ਕਿਹਾ ਕਿ ਇਹ ਪੈਸੇ ਰਾਜੇਸ਼ ਅਰੋੜਾ ਨੂੰ ਦੇਣੇ ਹਨ, ਇਸ ਲਈ ਉਹ 2.5 ਲੱਖ ਰੁਪਏ ਤੋਂ ਘੱਟ ਨਹੀਂ ਦੇ ਸਕਦੇ। ਪੀੜਤ ਨੂੰ ਪੈਸੇ ਦੇ ਦਿੱਤੇ ਗਏ ਸਨ, ਪਰ ਬਾਅਦ ਵਿੱਚ ਮਾਮਲੇ ਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਕੀਤੀ।

Scroll to Top