July 7, 2024 2:58 pm
Netherlands

3 ਹਜ਼ਾਰ ਕਾਰਾਂ ਨਾਲ ਲੱਦੇ ਮਾਲਵਾਹਕ ਜਹਾਜ਼ ਨੂੰ ਲੱਗੀ ਅੱਗ, ਇੱਕ ਭਾਰਤੀ ਦੀ ਮੌਤ, ਜਹਾਜ਼ ਡੁੱਬਣ ਦਾ ਖ਼ਤਰਾ

ਚੰਡੀਗੜ੍ਹ , 27 ਜੁਲਾਈ 2023: ਨੀਦਰਲੈਂਡ (Netherlands) ਦੇ ਤੱਟ ‘ਤੇ ਕਰੀਬ 3,000 ਕਾਰਾਂ ਨੂੰ ਲੈ ਕੇ ਜਾ ਰਹੇ ਇਕ ਮਾਲਵਾਹਕ ਜਹਾਜ਼ ‘ਚ ਭਿਆਨਕ ਅੱਗ ਲੱਗਣ ਦੀ ਖਬਰ ਹੈ। ਇਸ ਹਾਦਸੇ ‘ਚ ਇਕ ਭਾਰਤੀ ਦੀ ਮੌਤ ਹੋ ਗਈ ਹੈ ਅਤੇ 20 ਜਣੇ ਜ਼ਖਮੀ ਹੋ ਗਏ ਹਨ। ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲਾ ਭਾਰਤੀ ਜਹਾਜ਼ ਦਾ ਚਾਲਕ ਦਲ ਦਾ ਮੈਂਬਰ ਸੀ। ਨੀਦਰਲੈਂਡ ਕੋਸਟ ਗਾਰਡ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਅੱਗ ਕਈ ਦਿਨਾਂ ਤੱਕ ਜਾਰੀ ਰਹਿ ਸਕਦੀ ਹੈ ਕਿਉਂਕਿ ਇਸ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

ਜਿਕਰਯੋਗ ਹੈ ਕਿ 199 ਮੀਟਰ ਲੰਬਾ ਪਨਾਮਾ ਦਾ ਮਾਲਵਾਹਕ ਜਹਾਜ਼ ਫਰੀਮੇਂਟਲ ਹਾਈਵੇਅ ਜਰਮਨੀ ਤੋਂ ਮਿਸਰ ਜਾ ਰਿਹਾ ਸੀ ਪਰ ਮੰਗਲਵਾਰ ਰਾਤ ਨੀਦਰਲੈਂਡ ਦੇ ਤੱਟ ਨੇੜੇ ਜਹਾਜ਼ ਨੂੰ ਅੱਗ ਲੱਗ ਗਈ। ਨੀਦਰਲੈਂਡ (Netherlands) ਵਿੱਚ ਭਾਰਤੀ ਦੂਤਾਵਾਸ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਹੈ ਕਿ ਇਸ ਹਾਦਸੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ।

ਦੂਤਾਵਾਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਸੰਪਰਕ ਵਿੱਚ ਹੈ ਅਤੇ ਜਲਦੀ ਹੀ ਮ੍ਰਿਤਕ ਦੇਹ ਭਾਰਤ ਭੇਜ ਦਿੱਤੀ ਜਾਵੇਗੀ। ਦੂਤਾਵਾਸ ਨੇ ਕਿਹਾ ਕਿ ਉਹ ਹਾਦਸੇ ਵਿੱਚ ਜ਼ਖਮੀ ਹੋਏ 20 ਜਣਿਆਂ ਦੇ ਸੰਪਰਕ ਵਿੱਚ ਵੀ ਹੈ ਅਤੇ ਉਨ੍ਹਾਂ ਨੂੰ ਕਾਰਗੋ ਜਹਾਜ਼ ਦਾ ਸੰਚਾਲਨ ਕਰਨ ਵਾਲੀ ਕੰਪਨੀ ਨਾਲ ਤਾਲਮੇਲ ਕਰਕੇ ਹਰ ਲੋੜੀਂਦੀ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ।

ਰਿਪੋਰਟ ‘ਚ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਡੱਚ ਟਾਪੂ ਐਮਲੈਂਡ ਤੋਂ 27 ਕਿਲੋਮੀਟਰ ਦੂਰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟ ਦਿ ਵੈਡਨ ਸਾਗਰ ਦੇ ਕੋਲ ਵਾਪਰਿਆ। ਖਾਸ ਗੱਲ ਇਹ ਹੈ ਕਿ ਜਿਸ ਸਥਾਨ ‘ਤੇ ਇਹ ਹਾਦਸਾ ਹੋਇਆ ਹੈ, ਉਹ ਦੁਨੀਆ ਭਰ ਦੇ ਪ੍ਰਵਾਸੀ ਪੰਛੀਆਂ ਲਈ ਬਹੁਤ ਮਹੱਤਵਪੂਰਨ ਸਥਾਨ ਹੈ। ਹਾਦਸੇ ਦੀਆਂ ਤਸਵੀਰਾਂ ‘ਚ ਜਹਾਜ਼ ‘ਚੋਂ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮਾਲਵਾਹਕ ਜਹਾਜ਼ ਤੋਂ ਲਿਜਾਈਆਂ ਜਾ ਰਹੀਆਂ 25 ਇਲੈਕਟ੍ਰਿਕ ਕਾਰਾਂ ‘ਚੋਂ ਇਕ ਨੂੰ ਅੱਗ ਲੱਗ ਗਈ, ਜੋ ਫੈਲ ਗਈ ਅਤੇ ਭਿਆਨਕ ਰੂਪ ਧਾਰਨ ਕਰ ਗਈ। ਫਾਇਰ ਬਿ੍ਗੇਡ ਦੇ ਕਰਮਚਾਰੀ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ ਪਰ 16 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ |

ਦੱਸਿਆ ਜਾ ਰਿਹਾ ਹੈ ਕਿ ਮਸ਼ੀਨਾਂ ਦੀ ਮੱਦਦ ਨਾਲ ਹੀ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ ਜਹਾਜ਼ ‘ਚ ਜ਼ਿਆਦਾ ਪਾਣੀ ਭਰਨ ਕਾਰਨ ਇਸ ਦੇ ਡੁੱਬਣ ਦਾ ਖਤਰਾ ਹੈ। ਇਹੀ ਕਾਰਨ ਹੈ ਕਿ ਅੱਗ ਨੂੰ ਬੁਝਾਉਣਾ ਬੇਹੱਦ ਚੁਣੌਤੀਪੂਰਨ ਰਹਿੰਦਾ ਹੈ।