July 5, 2024 6:09 am
ਮਜ਼ਦੂਰ

ਸ਼ਹੀਦਾਂ ਦੇ ਬਰਸੀ ਸਮਾਗਮ ਦੌਰਾਨ ਕਿਸਾਨ ਮਜ਼ਦੂਰ ਏਕਤਾ ਮਜ਼ਬੂਤ ਕਰਨ ਦਾ ਸੱਦਾ

ਰਾਮਪੁਰਾ, 15 ਫਰਵਰੀ 2023: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਜੇਠੂਕੇ ਪਿੰਡ ਦੇ ਕਿਰਾਇਆ ਘੋਲ ਦੇ ਸ਼ਹੀਦ ਗੁਰਮੀਤ ਸਿੰਘ ਅਤੇ ਦੇਸਪਾਲ ਸਿੰਘ ,ਜ਼ਮੀਨੀ ਘੋਲ ਦੇ ਸ਼ਹੀਦ ਸੁਰਮੁਖ ਸਿੰਘ ਅਤੇ ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਰਿਪਨ ਸਿੰਘ ਅਤੇ ਧਰਮ ਸਿੰਘ ਦੀ ਬਰਸੀ ਜੇਠੂਕੇ ਦੇ ਸ਼ਹੀਦੀ ਪਾਰਕ ਵਿੱਚ ਮਨਾਈ ਗਈ ।

ਬਰਸੀ ਦਾ ਸਮਾਗਮ ਸ਼ੁਰੂ ਕਰਨ ਤੋਂ ਪਹਿਲਾਂ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਪਾਰਕ ਵਿੱਚ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ ।ਇਸ ਮੌਕੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਹਰਪ੍ਰੀਤ ਕੌਰ ਜੇਠੂਕੇ ਨੇ ਕਿਹਾ ਕਿ ਭਾਵੇਂ ਕਿਸਾਨਾਂ ਦੀਆਂ ਜਮੀਨਾਂ ਤੇ ਕੁਰਕੀਆਂ ਨਾਲਾਮੀਆ ਰਾਹੀਂ ਜਾਂ ਕਾਰਪੋਰੇਟ ਕੰਪਨੀਆਂ ਦੇ ਪੁਲਿਸ ਬਲ ਦੇ ਜ਼ੋਰ ਜਮੀਨਾਂ ਤੇ ਸਿੱਧੇ ਕਬਜ਼ੇ ਅਤੇ ਭਾਵੇਂ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਕਿਸਾਨਾਂ ਦੀਆਂ ਜਮੀਨਾਂ ਤੇ ਸਰਮਾਏਦਾਰ ਕੰਪਨੀਆਂ ਦਾ ਕਬਜ਼ਾ ਕਰਵਾਉਣ ਲਈ ਬਾਰ ਬਾਰ ਯਤਨ ਕੀਤੇ ਹਨ ਤਾਂ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਚੱਲੇ ਅੰਦੋਲਨ ਦੌਰਾਨ ਕਿਸਾਨਾਂ ਮਜ਼ਦੂਰਾਂ ਨੇ ਆਪਣੀਆਂ ਜਾਨਾਂ ਦੇ ਕੇ ਸਰਕਾਰ ਦੇ ਇਨ੍ਹਾਂ ਹਮਲਿਆਂ ਨੂੰ ਵਾਪਸ ਮੋੜਿਆ ਹੈ।

ਉਹਨਾਂ ਕਿਹਾ ਕਿ ਜ਼ਮੀਨਾਂ ,ਜੰਗਲਾਂ ਅਤੇ ਦੇਸ਼ ਦੇ ਮਾਲ ਖ਼ਜ਼ਾਨੇ ਤੇ ਸਰਮਾਏਦਾਰ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦਾਕਬਜ਼ਾ ਕਰਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਕੰਪਨੀਆਂ ਅਤੇ ਘਰਾਣਿਆਂ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ ਜਦੋਂ ਕਿ ਆਮ ਲੋਕਾਂ ਤੇ ਟੈਕਸ ਅਤੇ ਮਹਿੰਗਾਈ ਵਧਾ ਕੇ ਕਰਜ਼ੇ ਦਾ ਬੋਝ ਹੋਰ ਵਧਾਇਆ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਤੋਂ ਸੇਧ ਲੈਂਦਿਆਂ ਲੋਕਾਂ ਨੂੰ ਅਪੀਲ ਕੀਤੀ ਸਰਕਾਰਾਂ ਵੱਲੋਂ ਲਿਆਂਦੇ ਜਾ ਰਹੇ ਇਨ੍ਹਾਂ ਲੋਕ ਵਿਰੋਧੀ ਹਮਲਿਆਂ ਨੂੰ ਰੋਕਣ ਲਈ ਕਿਸਾਨਾਂ-ਮਜ਼ਦੂਰਾਂ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਕੇ ਸੰਘਰਸ਼ ਵਾਲੇ ਮੈਦਾਨਾਂ ਵਿੱਚ ਡਟਿਆ ਜਾਵੇ।

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਸਰਕਾਰਾਂ ਵੱਲੋਂ ਸਰਮਾਏਦਾਰੀ ਕੰਪਨੀਆਂ ਨੂੰ ਕਿਰਤ ਸ਼ਕਤੀ ਲੁਟਾਉਣ ਲਈ ਕਰਨ ਲਈ ਕਿਰਤ ਕਾਨੂੰਨਾਂ ਵਿੱਚ ਸੋਧਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੀ ਮੁਕਤੀ ਦਾ ਇੱਕੋ ਇਕ ਹੱਲ ਜਮੀਨੀ ਸੁਧਾਰਾਂ ਨੂੰ ਲਾਗੂ ਕਰਕੇ ਵਾਧੂ ਜਮੀਨਾਂ ਅਤੇ ਖੇਤੀ ਦੇ ਸੰਦ ਸਾਧਨ ਇਹਨਾਂ ਲਈ ਬੇਜ਼ਮੀਨੇ ਅਤੇ ਥੁੜ ਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿੱਚ ਵੰਡੇ ਜਾਣ।

ਸਮਾਗਮ ਦੌਰਾਨ ਮੋਦੀ ਹਕੂਮਤ ਵੱਲੋਂ ਬੀ ਬੀ ਸੀ ਦੇ ਦਫਤਰਾਂ ‘ਤੇ ਛਾਪੇ ਮਾਰਕੇ ਸੱਚ ਬੋਲਣ / ਲਿਖਣ ਵਾਲਿਆਂ ਦੀ ਜੁਬਾਨ ਬੰਦੀ ਕਰਨ ਦੀ ਸਖਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ ਅਤੇ ਪਿੰਡ ਜੀਦਾ ਤੇ ਜਿਉਂਦ ਵਿੱਚ ਖੇਤ ਮਜ਼ਦੂਰਾਂ ‘ਤੇ ਜਾਤੀ ਜਬਰ ਕਰਨ ਵਾਲੇ ਦੋਸ਼ੀਆਂ ਉੱਤੇ ਐਸੀ / ਐਸੀ ਟੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕਰਦਿਆਂ ਮਜ਼ਦੂਰ ਸੰਘਰਸ਼ ਦੀ ਡਟਵੀ ਹਿਮਾਇਤ ਦਾ ਕਰਨ ਦਾ ਐਲਾਨ ਕੀਤਾ ਗਿਆ ।

ਸਟੇਜ ਸਕੱਤਰ ਦੀ ਭੂਮਿਕਾ ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਨਿਭਾਈ।ਅਦਾਕਾਰ ਮੰਚ ਮੁਹਾਲੀ ਦੇ ਲੇਖਕ ਅਤੇ ਨਿਰਦੇਸ਼ਕ ਡਾਕਟਰ ਸਾਹਿਬ ਸਿੰਘ ਵੱਲੋਂ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਸਬੰਧਤ ਨਾਟਕ “ਲੱਛੂ ਕਬਾੜੀਆਂ” ਪੇਸ਼ ਕੀਤਾ ਗਿਆ। 19 ਫਰਵਰੀ ਨੂੰ ਪਿੰਡ ਘੁੱਦਾ ਵਿਖੇ ਕਿਸਾਨ ਮੋਰਚੇ ਦੇ ਸ਼ਹੀਦਾਂ ਦੀ ਬਰਸੀ ਮਨਾਈ ਜਾਵੇਗੀ ਜਿਸ ਵਿੱਚ ਵੀ ਡਾਕਟਰ ਸਾਹਿਬ ਸਿੰਘ ਵੱਲੋਂ ਨਾਟਕ ਪੇਸ਼ ਕੀਤੇ ਜਾਣਗੇ। ਕਿਸਾਨ ਆਗੂਆਂ ਇਸ ਸਮਾਗਮ ਵਿੱਚ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ,ਗੁਰੂ ਦਰਸ਼ਨ ਸਿੰਘ ਮਾਈਸਰਖਾਨਾ, ਨਛੱਤਰ ਸਿੰਘ ਢੱਡੇ ਤੋਂ ਇਲਾਵਾ ਬਲਾਕ ਪਿੰਡਾਂ ਦੇ ਆਗੂ ਵੀ ਸ਼ਾਮਲ ਸਨ।