Khargone

ਖਰਗੋਨ ‘ਚ ਯਾਤਰੀਆਂ ਨਾਲ ਭਰੀ ਬੱਸ 50 ਫੁੱਟ ਉੱਚੇ ਪੁਲ ਤੋਂ ਡਿੱਗੀ, 15 ਯਾਤਰੀਆਂ ਦੀ ਮੌਤ

ਚੰਡੀਗੜ੍ਹ, 09 ਮਈ 2023: ਮੱਧ ਪ੍ਰਦੇਸ਼ ਦੇ ਖਰਗੋਨ (Khargone) ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਬੋਰਾੜ ਨਦੀ ਦੇ ਪੁਲ ਤੋਂ ਇੱਕ ਯਾਤਰੀ ਬੱਸ 50 ਫੁੱਟ ਹੇਠਾਂ ਡਿੱਗ ਗਈ। ਇਸ ਹਾਦਸੇ ‘ਚ 15 ਨਿਯਾ ਦੀ ਮੌਤ ਹੋ ਗਈ। 25 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਹਾਦਸੇ ਵਿੱਚ ਡਰਾਈਵਰ, ਕੰਡਕਟਰ ਅਤੇ ਕਲੀਨਰ ਦੀ ਵੀ ਮੌਤ ਹੋਣ ਦੀ ਸੂਚਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਖਰਗੋਨ ‘ਚ ਬੱਸ ਹਾਦਸੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ। ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ। ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ ਹਨ। ਇਸ ਘਟਨਾ ‘ਚ 15 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਕਰੀਬ 25 ਯਾਤਰੀ ਜ਼ਖਮੀ ਹਨ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਬੱਸ ਨੰਬਰ ਐਮਪੀ10-ਪੀ-7755 ਮਾਂ ਸ਼ਾਰਦਾ ਟਰੈਵਲਜ਼ ਦੀ ਦੱਸੀ ਜਾ ਰਹੀ ਹੈ, ਜੋ ਖਰਗੋਨ ਜ਼ਿਲ੍ਹੇ ਤੋਂ ਇੰਦੌਰ ਜਾ ਰਹੀ ਸੀ। ਇਹ ਹਾਦਸਾ ਖਰਗੋਨ (Khargone)-ਠੀਕਰੀ ਰੋਡ ‘ਤੇ ਵਾਪਰਿਆ।

ਕੇਂਦਰ ਸਰਕਾਰ ਅਤੇ ਰਾਜ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖਰਗੋਨ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ‘ਚੋਂ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸੇ ਤਰ੍ਹਾਂ ਹਾਦਸੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਖਰਗੋਨ ਵਿੱਚ ਬੱਸ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 50,000 ਰੁਪਏ, ਮਾਮੂਲੀ ਜ਼ਖ਼ਮੀਆਂ ਨੂੰ 25,000 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਰਾਜ ਸਰਕਾਰ ਵੱਲੋਂ ਹਾਦਸੇ ਵਿੱਚ ਜ਼ਖਮੀਆਂ ਦੇ ਢੁੱਕਵੇਂ ਇਲਾਜ ਦਾ ਪ੍ਰਬੰਧ ਕੀਤਾ ਜਾਵੇਗਾ।

Scroll to Top