June 30, 2024 10:01 pm
Mediterranean Sea

ਭੂਮੱਧ ਸਾਗਰ ‘ਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ, ਕਿਸ਼ਤੀ ‘ਚ ਔਰਤਾਂ ਤੇ ਬੱਚੇ ਸ਼ਾਮਲ

ਚੰਡੀਗੜ੍ਹ, 26 ਮਈ 2023: ਭੂਮੱਧ ਸਾਗਰ (Mediterranean Sea) ਵਿੱਚ 500 ਸ਼ਰਨਾਰਥੀਆਂ ਨਾਲ ਭਰੀ ਇੱਕ ਕਿਸ਼ਤੀ ਲਾਪਤਾ ਹੋ ਗਈ ਹੈ। ਇਸ ਕਿਸ਼ਤੀ ਵਿੱਚ ਇੱਕ ਨਵਜੰਮਿਆ ਬੱਚਾ ਅਤੇ ਇੱਕ ਗਰਭਵਤੀ ਔਰਤ ਵੀ ਮੌਜੂਦ ਹੈ। ਸ਼ਰਨਾਰਥੀਆਂ ਦੀਆਂ ਕਿਸ਼ਤੀਆਂ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਅਲਾਰਮ ਫੋਨ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗਠਨ ਮੁਤਾਬਕ ਸ਼ਰਨਾਰਥੀਆਂ ਨਾਲ ਉਨ੍ਹਾਂ ਦੀ ਕਿਸ਼ਤੀ ਦਾ ਆਖਰੀ ਸੰਪਰਕ ਬੁੱਧਵਾਰ ਸਵੇਰੇ ਹੋਇਆ ਸੀ।

ਉਸ ਸਮੇਂ ਕਿਸ਼ਤੀ ਲੀਬੀਆ ਦੇ ਬੇਨਗਾਜ਼ੀ ਬੰਦਰਗਾਹ ਤੋਂ 320 ਕਿਲੋਮੀਟਰ ਅਤੇ ਇਟਲੀ ਤੋਂ 400 ਕਿਲੋਮੀਟਰ ਦੂਰ ਸੀ। ਉਸ ਦਾ ਇੰਜਣ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ। ਇਸ ਦੇ ਨਾਲ ਹੀ ਇਟਲੀ ਦੇ ਐਮਰਜੈਂਸੀ ਐਨਜੀਓ ਨੇ ਦੱਸਿਆ ਕਿ ਉਨ੍ਹਾਂ ਦਾ ਜੀਵਨ ਸਹਾਇਤਾ ਜਹਾਜ਼ 24 ਘੰਟਿਆਂ ਤੋਂ ਸ਼ਰਨਾਰਥੀ ਕਿਸ਼ਤੀ ਦੀ ਭਾਲ ਕਰ ਰਿਹਾ ਹੈ। ਹਾਲਾਂਕਿ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਇਟਲੀ ਦੇ ਕੋਸਟ ਗਾਰਡ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਹੀ ਦੋ ਵੱਖ-ਵੱਖ ਆਪਰੇਸ਼ਨ ਚਲਾ ਕੇ 1094 ਸ਼ਰਨਾਰਥੀਆਂ ਦੀ ਜਾਨ ਬਚਾਈ ਹੈ। ਇਹ ਲੋਕ ਵੀ ਸਮੁੰਦਰ ਵਿੱਚ ਭਟਕ ਗਏ ਸਨ ।ਦਰਅਸਲ, ਹਿੰਸਾ ਵਾਲੀਆਂ ਥਾਵਾਂ ਤੋਂ ਸ਼ਰਨਾਰਥੀ ਆਪਣੇ ਦੇਸ਼ ਛੱਡ ਕੇ ਯੂਰਪ ਆਉਂਦੇ ਰਹਿੰਦੇ ਹਨ। ਕੌਮਾਂਤਰੀ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਵਾਪਸ ਨਹੀਂ ਭੇਜਿਆ ਜਾ ਸਕਦਾ। ਹੁਣ ਤੱਕ 47 ਹਜ਼ਾਰ ਸ਼ਰਨਾਰਥੀ ਕਿਸ਼ਤੀਆਂ ਰਾਹੀਂ ਇਟਲੀ ਪਹੁੰਚ ਚੁੱਕੇ ਹਨ। ਜੋ ਪਿਛਲੇ ਸਾਲ ਨਾਲੋਂ 18 ਹਜ਼ਾਰ ਵੱਧ ਹੈ।

ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਗ੍ਰੀਸ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕਰਦੇ ਹੋਏ ਸੋਮਾਲੀਆ, ਇਰੀਟ੍ਰੀਆ ਅਤੇ ਇਥੋਪੀਆ ਤੋਂ ਭੱਜ ਕੇ ਕਿਸ਼ਤੀਆਂ ਵਿੱਚ ਗ੍ਰੀਸ ਵਿੱਚ ਸ਼ਰਨ ਲੈਣ ਵਾਲੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਹੈ। ਇਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਸਨ। ਹਾਲਾਂਕਿ ਗ੍ਰੀਸ ਦੀ ਸਰਕਾਰ ਨੇ ਇਸ ਦੋਸ਼ ‘ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।