ਮੋਹਾਲੀ, 10 ਅਗਸਤ 2024: ਮੋਹਾਲੀ ਨਗਰ ਨਿਗਮ (Mohali Municipal Corporation) ਦੇ ਮੇਅਰ ਅਮਰਜੀਤ ਸਿੱਧੂ ਵੱਲੋਂ ਵਿਧਾਇਕ ਕੁਲਵੰਤ ਸਿੰਘ ਖ਼ਿਲਾਫ ਨਗਰ ਨਿਗਮ ਦੇ ਕੰਮਾਂ ‘ਚ ਦਖਲਅੰਦਾਜ਼ੀ ਕਰਨ ਦੇ ਦੋਸ਼ਾਂ ਅਤੇ ਮਕੈਨੀਕਲ ਸਵੀਪਿੰਗ ਮਸ਼ੀਨਾਂ ਦੇ ਕੰਮ ਸ਼ੁਰੂ ਕਰਨ ਨੂੰ ਲੈ ਕੇ ਕੀਤੀ ਨੁਕਤਾਚੀਨੀ ਦੀ ਨਗਰ ਨਿਗਮ ਦੇ ਕੌਸਲਰਾਂ ਨੇ ਸਖ਼ਤ ਨਿਖੇਧੀ ਕੀਤੀ ਹੈ |
ਇਸ ਮੌਕੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਨਗਰ ਨਿਗਮ (Municipal Corporation) ਦੇ ਕੌਂਸਲਰਾਂ ਸਰਬਜੀਤ ਸਿੰਘ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਹਲਕਾ ਵਿਧਾਇਕ ਕੁਲਵੰਤ ਸਿੰਘ ਖ਼ੁਦ ਨਿੱਜੀ ਦਿਲਚਸਪੀ ਲੈ ਕੇ ਲੋਕਾਂ ਦੇ ਮਸਲੇ ਹੱਲ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਮੇਅਰ ਜੀਤੀ ਸਿੱਧੂ ਖੁਦ ਮੰਨ ਚੁੱਕੇ ਹਨ ਕਿ ਉਹ ਹੁਣ ਮੋਹਾਲੀ ਨਗਰ ਨਿਗਮ ਨੂੰ ਚਲਾਉਣ ਦੇ ਸਮਰੱਥ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਇਸ ਮੌਕੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ‘ਚ ਸਫ਼ਾਈ ਲਈ ਜੋ ਮਸ਼ੀਨਾਂ ਆਈਆਂ ਹਨ, ਉਹ ਗਮਾਡਾ ਵੱਲੋਂ ਦਿੱਤੀਆਂ ਗਈਆਂ ਹਨ ਅਤੇ ਮੇਅਰ ਨੇ ਕਦੇ ਪੰਜਾਬ ਸਰਕਾਰ ਕੋਲ ਜਾ ਕੇ ਜਾਂ ਕੋਈ ਚਿੱਠੀ ਪੱਤਰ ਰਾਹੀਂ ਮੋਹਾਲੀ ‘ਚ ਸਾਫ਼-ਸਫ਼ਾਈ ਦੇ ਕੰਮ ਲਈ ਮਸ਼ੀਨਾਂ ਮੰਗਵਾਉਣ ਦੀ ਮੰਗ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਵਿਧਾਇਕ ਕੁਲਵੰਤ ਸਿੰਘ ਨੇ ਇਸ ਮਸਲੇ ‘ਚ ਨਿੱਜੀ ਦਿਲਚਸਪੀ ਲੈਦਿਆਂ ਮਸਲੇ ਨੂੰ ਹੱਲ ਕਰਵਾਇਆ ਅਤੇ ਮੋਹਾਲੀ ‘ਚ ਸਾਫ-ਸਫਾਈ ਦੇ ਕੰਮ ਨੂੰ ਠੀਕ ਕਰਨ ਲਈ ਦੋ ਸਵੀਪਿੰਗ ਮਸ਼ੀਨਾਂ ਇਟਲੀ ਤੋਂ ਮੰਗਵਾਈਆਂ ਹਨ ਅਤੇ ਦੋ ਹੋਰ ਸਵੀਪਿੰਗ ਮਸ਼ੀਨਾਂ ਹੋਰ ਛੇਤੀ ਹੀ ਮਿਲ ਜਾਣਗੀਆਂ | ਉਨ੍ਹਾਂ ਕਿਹਾ ਮਸ਼ੀਨਾਂ ਦੀ ਖਰੀਦ ਲਈ ਵਿਧਾਇਕ ਕੁਲਵੰਤ ਸਿੰਘ ਨੇ 10 ਕਰੋੜ ਰੁਪਏ ਦੀ ਰਕਮ ਗਮਾਡਾ ਤੋਂ ਦਿਵਾਈ ਹੈ |
ਇਸ ਦੌਰਾਨ ਕੌਂਸਲਰਾਂ ਨੇ ਦੋਸ਼ ਲਗਾਇਆ ਹੈ ਕਿ ਮੇਅਰ ਜੀਤੀ ਸਿੱਧੂ ਅਤੇ ਉਨ੍ਹਾਂ ਦੀ ਕਾਬਜ ਧਿਰ ਨੇ ਦੋ ਸਾਲ ਤੱਕ ਮਕੈਨੀਕਲ ਸਫਾਈ ਕੰਮਾਂ ਨੂੰ ਲਟਕਾ ਕੇ ਰੱਖਿਆ ਹੈ | ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਵੱਡੇ ਭਰਾ ਬਲਬੀਰ ਸਿੰਘ ਸਿੱਧੂ ਨੇ ਮੰਤਰੀ ਦੇ ਅਹੁਦੇ ‘ਤੇ ਰਹਿੰਦੀਆਂ ਨਗਰ ਨਿਗਮ ‘ਚ ਦਖਲਅੰਦਾਜੀ ਕਰਦੇ ਰਹੇ |
ਨਗਰ ਨਿਗਮ ਦੇ ਕੌਂਸਲਰਾਂ ਸਰਬਜੀਤ ਸਿੰਘ ਸਮਾਣਾ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ ਮਟੌਰ, ਗੁਰਪ੍ਰੀਤ ਕੌਰ, ਰਵਿੰਦਰ ਸਿੰਘ ਬਿੰਦਰਾ ਅਤੇ ਅਰੁਣਾ ਵਸ਼ਿਸ਼ਟ ਦਾ ਕਹਿਣਾ ਹੈ ਕਿ ਨਗਰ ਨਿਗਮ ‘ਚ ਬਹੁਮਤ ਹੋਣ ਦੇ ਬਾਵਜੂਦ ਮੇਅਰ ਵੱਲੋਂ ਬੈਠਕ ਤੱਕ ਨਹੀਂ ਸੱਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਕੁਲਵੰਤ ਸਿੰਘ ਵਿਧਾਇਕ ਹੋਣ ਨੇ ਨਾਤੇ ਨਗਰ ਨਿਗਮ ਦੇ ਮੈਂਬਰ ਵੀ ਹਨ ਅਤੇ ਵਿਧਾਇਕ ਦਾ ਬੈਠਕਾਂ ‘ਚ ਹੋਣਾ ਜ਼ਰੂਰੀ ਹੁੰਦਾ ਹੈ | ਨਗਰ ਨਿਗਮ ਦੀ ਬੈਠਕ ਨਾ ਹੋਣ ਕਾਰਨ ਸ਼ਹਿਰ ਦਾ ਵਿਕਾਸ ਵੀ ਪ੍ਰਭਾਵਿਤ ਹੋ ਰਿਹਾ ਹੈ |