ਚੰਡੀਗੜ੍ਹ, 12 ਜੂਨ 2023: ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ ਮਿਲ ਰਹੀ ਹੈ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਮਈ ਮਹੀਨੇ ਵਿੱਚ ਪ੍ਰਚੂਨ ਮਹਿੰਗਾਈ ਦਰ (Retail Inflation Rate) 25 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਮਈ ‘ਚ ਦੇਸ਼ ‘ਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 4.25 ਫੀਸਦੀ ‘ਤੇ ਆ ਗਈ ਹੈ। ਇਸ ਸਮੇਂ ਦੌਰਾਨ ਪੇਂਡੂ ਮਹਿੰਗਾਈ ਦਰ ਵੀ 4.68% ਤੋਂ ਘੱਟ ਕੇ 4.17% ‘ਤੇ ਆ ਗਈ ਹੈ। ਦੂਜੇ ਪਾਸੇ ਸ਼ਹਿਰੀ ਖੇਤਰਾਂ ‘ਚ ਮਹਿੰਗਾਈ ਦਰ ਅਪ੍ਰੈਲ ਮਹੀਨੇ ‘ਚ 4.85 ਫੀਸਦੀ ਤੋਂ ਘੱਟ ਕੇ 4.27 ਫੀਸਦੀ ‘ਤੇ ਆ ਗਈ ਹੈ।
ਪ੍ਰਚੂਨ ਮਹਿੰਗਾਈ ਦੇ ਇਹ ਅੰਕੜੇ ਸਰਕਾਰ ਨੇ 1114 ਸ਼ਹਿਰੀ ਅਤੇ 1181 ਪੇਂਡੂ ਬਾਜ਼ਾਰਾਂ ਤੋਂ ਇਕੱਠੇ ਕੀਤੇ ਅੰਕੜਿਆਂ ਦੇ ਆਧਾਰ ‘ਤੇ ਜਾਰੀ ਕੀਤੇ ਹਨ। ਇਸ ਤਹਿਤ ਦੇਸ਼ ਦੇ 98.56% ਪਿੰਡਾਂ ਅਤੇ 97.04% ਸ਼ਹਿਰੀ ਮੰਡੀਆਂ ਨੂੰ ਕਵਰ ਕੀਤਾ ਗਿਆ ਹੈ। ਮਹਿੰਗਾਈ ‘ਚ ਗਿਰਾਵਟ ਦੇ ਬਾਰੇ ‘ਚ ਮਾਹਰਾਂ ਦਾ ਕਹਿਣਾ ਹੈ ਕਿ ਇਹ ਅਰਥਵਿਵਸਥਾ ਲਈ ਚੰਗਾ ਸੰਕੇਤ ਹੈ। ਸਪਲਾਈ ਚੇਨ ‘ਚ ਸੁਧਾਰ ਅਤੇ ਵਸਤੂਆਂ ਦੀਆਂ ਕੀਮਤਾਂ ‘ਚ ਰਾਹਤ ਦਾ ਵੀ ਫਾਇਦਾ ਹੋਇਆ ਹੈ। ਹਾਲਾਂਕਿ ਇਸ ਮਹੀਨੇ ਹੋਈ ਮੁਦਰਾ ਨੀਤੀ ਦੀ ਬੈਠਕ ਦੀ ਜਾਣਕਾਰੀ ਦਿੰਦੇ ਹੋਏ ਆਰਬੀਆਈ ਗਵਰਨਰ ਨੇ ਕਿਹਾ ਸੀ ਕਿ ਮਹਿੰਗਾਈ ਨੂੰ ਲੈ ਕੇ ਚਿੰਤਾ ਅਤੇ ਅਨਿਸ਼ਚਿਤਤਾ ਅਜੇ ਵੀ ਬਰਕਰਾਰ ਹੈ।