ਚੰਡੀਗੜ੍ਹ, 23 ਅਗਸਤ, 2023: ਵਰਲਡ ਰੈਸਲਿੰਗ ਫੈਡਰੇਸ਼ਨ (United World Wrestling) ਨੇ ਭਾਰਤੀ ਕੁਸ਼ਤੀ ਮਹਾਸੰਘ ਦੀ ਮੈਂਬਰਸ਼ਿਪ ਅਣਮਿੱਥੇ ਲਈ ਰੱਦ ਕਰ ਦਿੱਤੀ ਹੈ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (Indian Wrestling Federation) ਦੀਆਂ ਚੋਣਾਂ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਕੁਸ਼ਤੀ ਸੰਘ ਦੀ ਮੈਂਬਰਸ਼ਿਪ ਰੱਦ ਹੋਣ ਕਾਰਨ ਭਾਰਤੀ ਪਹਿਲਵਾਨ ਆਉਣ ਵਾਲੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਝੰਡੇ ਹੇਠ ਨਹੀਂ ਖੇਡਣਗੇ। ਭਾਰਤੀ ਪਹਿਲਵਾਨਾਂ ਨੂੰ 16 ਸਤੰਬਰ ਤੋਂ ਸ਼ੁਰੂ ਹੋ ਰਹੀ ਓਲੰਪਿਕ-ਕੁਆਲੀਫਾਇੰਗ ਵਿਸ਼ਵ ਚੈਂਪੀਅਨਸ਼ਿਪ ਵਿੱਚ ‘ਨਿਰਪੱਖ ਅਥਲੀਟਾਂ’ ਵਜੋਂ ਹਿੱਸਾ ਲੈਣਾ ਹੋਵੇਗਾ।
ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (Indian Wrestling Federation) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਾਰਜਕਾਲ ਕਾਫੀ ਸਮਾਂ ਪਹਿਲਾਂ ਖਤਮ ਹੋ ਗਿਆ ਹੈ। ਇਸ ਤੋਂ ਬਾਅਦ ਕੁਸ਼ਤੀ ਸੰਘ ਦੀਆਂ ਚੋਣਾਂ ਕਰਵਾਉਣ ਲਈ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਸੁਪਰੀਮ ਕੋਰਟ ਨੇ ਕਈ ਵਾਰ ਚੋਣਾਂ ਦੀਆਂ ਤਾਰੀਖ਼ਾਂ ਤੈਅ ਕੀਤੀਆਂ ਪਰ ਵੱਖ-ਵੱਖ ਰਾਜ ਕੁਸ਼ਤੀ ਸੰਘਾਂ ਦੀਆਂ ਪਟੀਸ਼ਨਾਂ ਦੇ ਆਧਾਰ ‘ਤੇ ਵੱਖ-ਵੱਖ ਹਾਈ ਕੋਰਟਾਂ ਨੇ ਚੋਣਾਂ ‘ਤੇ ਰੋਕ ਲਗਾਈ ਹੋਈ ਹੈ। ਇਸੇ ਕਾਰਨ ਹੁਣ ਤੱਕ ਕੁਸ਼ਤੀ ਸੰਘ ਦੀਆਂ ਚੋਣਾਂ ਨਹੀਂ ਹੋ ਸਕੀਆਂ।