ਅੰਮ੍ਰਿਤਸਰ 06 ਅਪ੍ਰੈਲ 2023: ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਜਾਣ ਵਾਲੇ ਜਥੇ ਲਈ 1052 ਸ਼ਰਧਾਲੂਆਂ ਨੂੰ ਵੀਜੇ ਪ੍ਰਾਪਤ ਹੋਏ ਹਨ। ਇਹ ਜਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਵੇਗਾ। ਸ਼੍ਰੋਮਣੀ ਕਮੇਟੀ ਵੱਲੋਂ 1161 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਦੂਤਾਵਾਸ ਨੇ 109 ਸ਼ਰਧਾਲੂਆਂ ਨੂੰ ਵੀਜੇ ਜਾਰੀ ਨਹੀਂ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਿਆ ਜਾਣਾ ਹੈ। ਇਹ ਜਥਾ 9 ਅਪ੍ਰੈਲ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਵੇਗਾ, ਜੋ ਪਾਕਿਸਤਾਨ ਸਥਿਤ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 18 ਅਪ੍ਰੈਲ ਨੂੰ ਵਾਪਸ ਦੇਸ਼ ਪਰਤੇਗਾ। ਵਿਸਾਖੀ ਦਾ ਮੁੱਖ ਸਮਾਗਮ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ 14 ਅਪ੍ਰੈਲ ਨੂੰ ਹੋਵੇਗਾ।
ਸ. ਪ੍ਰਤਾਪ ਸਿੰਘ ਨੇ ਕਿਹਾ ਕਿ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸੰਗਤਾਂ ਵਿਚ ਭਾਰੀ ਉਤਸ਼ਾਹ ਹੁੰਦਾ ਹੈ, ਪਰੰਤੂ ਸਰਕਾਰਾਂ ਵੱਲੋਂ ਸ਼ਰਧਾਲੂਆਂ ਦੇ ਵੀਜੇ ਕੱਟਣ ਨਾਲ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਖੁਲ੍ਹਦਿਲੀ ਨਾਲ ਵੀਜੇ ਦੇਣੇ ਚਾਹੀਦੇ ਹਨ, ਤਾਂ ਜੋ ਸ਼ਰਧਾਲੂ ਆਪਣੇ ਤੋਂ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਸਕਣ। ਉਨ੍ਹਾਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਦਫ਼ਤਰੀ ਸਮੇਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਆਪਣੇ ਪਾਸਪੋਰਟ ਪ੍ਰਾਪਤ ਕਰਨ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸ਼ਰਧਾਲੂਆਂ ਨੂੰ ਦੂਤਾਵਾਸ ਵੱਲੋਂ ਵੀਜੇ ਨਹੀਂ ਦਿੱਤੇ ਗਏ, ਉਨ੍ਹਾਂ ਵਿਚ ਲੜੀ ਨੰਬਰ 8, 95, 96, 102, 103, 112, 115, 119, 142, 159, 189, 190, 207, 208, 217, 236, 260, 281, 294, 297, 325, 365, 385, 387, 391, 436, 470, 488, 500, 525, 530, 565, 566, 623, 647, 648, 655, 658, 667, 668, 686, 696, 697, 698, 712, 723, 726, 731, 749, 773, 776, 777, 778, 780, 784, 788, 806, 813, 814, 842, 843, 880, 939, 953, 964, 979, 993, 994, 1001, 1008, 1011, 1022, 1036, 1048, 1052, 1054, 1055, 1056, 1057, 1058, 1064, 1068, 1070, 1071, 1075, 1076, 1077, 1079, 1086, 1088, 1092, 1109, 1119, 1120, 1129, 1130, 1132, 1133, 1134, 1137, 1146, 1150, 1156, 1157, 1167, 1172, 1190, 1215 ਅਤੇ 1217 ਸ਼ਾਮਲ ਹਨ।