ਚੰਡੀਗੜ੍ਹ, 24 ਦਸੰਬਰ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (CM Nayab Singh Saini) ਨੇ ਗੁਰੂਗ੍ਰਾਮ (Gurugram) ‘ਚ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਦੇ ਆਪਣੇ ਯਤਨਾਂ ‘ਚ ਅੱਜ ਗੁਰੂਗ੍ਰਾਮ ‘ਚ ਬਣਨ ਵਾਲੇ 700 ਬਿਸਤਰਿਆਂ ਵਾਲੇ ਸਿਵਲ ਹਸਪਤਾਲ ਦੀ ਉਸਾਰੀ ਪ੍ਰਕਿਰਿਆ ਦੀ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।
ਇਸ ਸਮੀਖਿਆ ਬੈਠਕ ‘ਚ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ, ਉਦਯੋਗ ਅਤੇ ਵਣਜ, ਵਾਤਾਵਰਣ, ਜੰਗਲਾਤ ਅਤੇ ਜੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ, ਗੁਰੂਗ੍ਰਾਮ (Gurugram) ਦੇ ਵਿਧਾਇਕ ਮੁਕੇਸ਼ ਸ਼ਰਮਾ, ਮੁੱਖ ਸਕੱਤਰ ਡਾ. ਵਿਵੇਕ ਜੋਸ਼ੀ, ਸਿਹਤ ਵਿਭਾਗ ਦੇ ਏਸੀਐਸ ਸੁਧੀਰ ਰਾਜਪਾਲ ਅਤੇ ਗੁਰੂਗ੍ਰਾਮ ਦੇ ਡੀਸੀ ਅਜੇ ਕੁਮਾਰ ਵੀ ਮੌਜੂਦ ਸਨ।
ਇਸ ਸਮੀਖਿਆ ਬੈਠਕ ‘ਚ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਨੇ ਸਿਵਲ ਲਾਈਨ ‘ਚ ਬਣਨ ਵਾਲੇ ਸਿਵਲ ਹਸਪਤਾਲ ਦੀ ਉਸਾਰੀ ਦੀ ਪ੍ਰਗਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਿਵਲ ਹਸਪਤਾਲ ‘ਚ 13 ਮੰਜ਼ਿਲਾ ਇਮਾਰਤ ਦਾ ਨਿਰਮਾਣ ਕੀਤਾ ਜਾਵੇਗਾ। ਜੋ ਕਿ 7.73 ਏਕੜ ਜ਼ਮੀਨ ‘ਤੇ ਕਰੀਬ 990 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਜਿਸ ਵਿੱਚ ਇੱਕ ਗਰਾਊਂਡ ਫਲੋਰ ਅਤੇ ਬੇਸਮੈਂਟ ਸਮੇਤ 11 ਮੰਜ਼ਿਲਾ ਹੋਵੇਗੀ। ਹਸਪਤਾਲ ‘ਚ ਐਮਰਜੈਂਸੀ ਲਈ ਹੈਲੀਪੈਡ ਸਮੇਤ 60 ਆਈਸੀਯੂ, 12 ਓਟੀ ਵਰਗੀਆਂ ਮਹੱਤਵਪੂਰਨ ਸਹੂਲਤਾਂ ਦਾ ਵੀ ਧਿਆਨ ਰੱਖਿਆ ਗਿਆ ਹੈ।
ਸੁਧੀਰ ਰਾਜਪਾਲ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਸਾਰੀ ਵਾਲੀ ਥਾਂ ਦੇ ਨਾਲ ਕਰੀਬ 1.5 ਏਕੜ ਰਕਬੇ ‘ਚ ਇੱਕ ਸਰਕਾਰੀ ਸਕੂਲ ਚੱਲ ਰਿਹਾ ਹੈ, ਜਿਸ ਲਈ ਨਵੀਂ ਇਮਾਰਤ ਦੀ ਤਜਵੀਜ਼ ਹੈ। ਅਜਿਹੀ ਸਥਿਤੀ ‘ਚ ਜੇਕਰ ਇਸ ਸਕੂਲ ਦੀ ਨਵੀਂ ਤਜਵੀਜ਼ਤ ਇਮਾਰਤ ਨੂੰ ਸੜਕ ਦੇ ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਉਪਲਬਧ 2.5 ਏਕੜ ਜ਼ਮੀਨ ‘ਚ ਤਬਦੀਲ ਕਰ ਦਿੱਤਾ ਜਾਵੇ ਤਾਂ ਭਵਿੱਖ ਦੀਆਂ ਲੋੜਾਂ ਅਨੁਸਾਰ ਹਸਪਤਾਲ ‘ਚ ਬਿਹਤਰ ਉਸਾਰੀ ਲਈ ਥਾਂ ਉਪਲਬਧ ਹੋਵੇਗੀ ਅਤੇ ਆਮ ਲੋਕਾਂ ਦੀ ਆਵਾਜਾਈ ਵੀ ਆਸਾਨ ਹੋਵੇਗੀ।
ਹਸਪਤਾਲ ਦੀ ਉਸਾਰੀ ਲਈ ਹੁਣ ਤੱਕ ਹੋਈ ਪ੍ਰਗਤੀ ਦੀ ਵਿਸਤ੍ਰਿਤ ਰਿਪੋਰਟ ਲੈਂਦਿਆਂ ਮੁੱਖ ਮੰਤਰੀ (CM Nayab Singh Saini) ਨੇ ਹਸਪਤਾਲ ਦੀ ਉਸਾਰੀ ਲਈ ਸਮਾਂ ਸੀਮਾ ਅਨੁਸਾਰ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।
Read More: ਪੰਜਾਂ ਪਿਆਰਿਆਂ ਅੱਗੇ ਹੋਏ ਪੇਸ਼ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਲਾਈ ਇਹ ਸੇਵਾ