ਆਸਟ੍ਰੇਲੀਆ, 17 ਜਨਵਰੀ 2024: ਆਸਟ੍ਰੇਲੀਆ ‘ਚ ਸਿਡਨੀ ਦੇ ਮਸ਼ਹੂਰ ਸ਼ੈਲੀ ਬੀਚ ਤੋਂ ਇੱਕ ਬਹੁਤ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਸਿਡਨੀ ਦੇ ਸ਼ੈਲੀ ਬੀਚ (Shelly Beach) ਜੋ ਕਿ ਮੇਨਲੀ ਵਿਖੇ ਸਥਿਤ ਹੈ, ਉੱਥੇ ਇੱਕ 32 ਸਾਲਾ ਬੀਬੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ । ਘਟਨਾ ਦੁਪਹਿਰ 1 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਪੈਰਾਮੈਡੀਕਸ ਨੇ ਉਕਤ ਬੀਬੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸਨੂੰ ਬਚਾਇਆ ਨਾ ਜਾ ਸਕਿਆ। ਮ੍ਰਿਤਕ ਬੀਬੀ ਦੀ ਅਜੇ ਰਸਮੀ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ, ਪਰ ਇਹ ਕਿਹਾ ਜਾ ਰਿਹਾ ਹੈ ਕਿ ਉਹ ਆਪਣੇ ਹਨੀਮੂਨ ‘ਤੇ ਵਿਦੇਸ਼ ਤੋਂ ਮੈਨਲੀ ਆਈ ਸੀ |
ਜਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਮੈਲਬੌਰਨ (Melbourne) ‘ਚ ਆਪਣੇ ਦੋਸਤਾਂ ਨਾਲ ਬੀਚ ‘ਤੇ ਛੁੱਟੀ ਮਨਾਉਣ ਗਏ 27 ਸਾਲਾ ਸਾਹਿਲ ਦੀ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ ਸੀ | ਮ੍ਰਿਤਕ ਨੌਜਵਾਨ ਕ੍ਰੈਨਬੋਰਨ ਈਸਟ (Cranbourne East) ਦਾ ਰਹਿਣ ਵਾਲਾ ਸੀ | ਨੌਜਵਾਨ ਸਾਹਿਲ 12 ਜਨਵਰੀ ਨੂੰ ਆਪਣੇ ਦੋਸਤਾਂ ਨਾਲ ਵਿਕਟੋਰੀਆ ਦੇ ਕਿਲਕੁੰਡਾ ਸਰਫ ਬੀਚ (Kilcunda Surf Beach) ‘ਤੇ ਗਿਆ ਸੀ।
ਇਸਤੋਂ ਬਾਅਦ ਜਦੋਂ ਸਾਰੇ ਦੋਸਤ ਵਾਪਸ ਘਰ ਮੁੜਨ ਹੀ ਲੱਗੇ ਤਾਂ ਸਾਹਿਲ ਦਾ ਚਮਸ਼ਾ ਪਾਣੀ ‘ਚ ਡਿੱਗ ਗਿਆ, ਜਿਵੇਂ ਹੀ ਉਸ ਨੇ ਝੁਕ ਕੇ ਚਸ਼ਮਾ ਚੁੱਕਣ ਦੀ ਕੋਸ਼ਿਸ਼ ਤਾਂ ਪਾਣੀ ਦੀ ਤੇਜ਼ ਲਹਿਰ ਆਈ ਅਤੇ ਸਾਹਿਲ ਨੂੰ ਆਪਣੇ ਨਾਲ ਸਮੁੰਦਰ ਦੀ ਡੂੰਘਾਈ ‘ਚ ਖਿੱਚ ਕੇ ਲੈ ਗਈ। ਇਸ ਦੌਰਾਨ ਦੋਸਤਾਂ ਨੇ ਸਾਹਿਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।