ਅਬੋਹਰ, 26 ਜੂਨ 2023: ਅਬੋਹਰ (Abohar) ਦੇ ਆਭਾ ਸਿਟੀ ਚੌਕ ‘ਤੇ ਚੱਲ ਰਹੇ ਮਨੋਰੰਜਨ ਮੇਲੇ ਦੌਰਾਨ 30 ਫੁੱਟ ਉੱਚਾ ਪੰਘੂੜਾ ਟੁੱਟ ਕੇ ਡਿੱਗਣ ਨਾਲ ਚੰਡੀਗੜ੍ਹ ਵਰਗਾ ਵੱਡਾ ਹਾਦਸਾ ਟਲ ਗਿਆ। ਹਾਦਸੇ ਦੇ ਸਮੇਂ ਪੰਘੂੜੇ ਵਿੱਚ ਦੋ ਦਰਜਨ ਦੇ ਕਰੀਬ ਬੱਚੇ, ਔਰਤਾਂ ਅਤੇ ਮਰਦ ਸਵਾਰ ਸਨ। ਹਾਦਸੇ ਤੋਂ ਬਾਅਦ ਮੇਲੇ ਵਿੱਚ ਹਫੜਾ-ਦਫੜੀ ਮੱਚ ਗਈ। ਗੁੱਸੇ ‘ਚ ਆਏ ਲੋਕਾਂ ਨੇ ਪੰਘੂੜਾ ਚਲਾ ਰਹੇ ਇਕ ਕਰਮਚਾਰੀ ਨੂੰ ਫੜ ਕੇ ਉਸ ਦੀ ਕਾਫੀ ਕੁੱਟਮਾਰ ਕੀਤੀ ਅਤੇ ਉਕਤ ਵਿਅਕਤੀ ਨੇ ਲੋਕਾਂ ਨੂੰ ਪੈਸੇ ਵਾਪਸ ਕਰਕੇ ਆਪਣੀ ਜਾਨ ਛੁੜਾਈ ।
ਦੂਜੇ ਪਾਸੇ ਲੋਕਾਂ ਨੇ ਕਿਹਾ ਕਿ ਇੱਥੇ ਲਗਾਏ ਗਏ ਪੰਘੂੜੇ ਸੁਰੱਖਿਆ ਦੇ ਨਜ਼ਰੀਏ ਤੋਂ ਠੀਕ ਨਹੀਂ ਹਨ ਅਤੇ ਪ੍ਰਸ਼ਾਸਨ ਨੂੰ ਇਨ੍ਹਾਂ ਦੀ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਕੁਝ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੇਲੇ ’ਤੇ ਤੁਰੰਤ ਪਾਬੰਦੀ ਲਗਾਈ ਜਾਵੇ ਤਾਂ ਜੋ ਕਿਸੇ ਵੀ ਹਾਦਸੇ ਤੋਂ ਬਚਿਆ ਜਾ ਸਕੇ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਮੇਲੇ ‘ਚ ਲੋਕਾਂ ਦੀ ਭਾਰੀ ਭੀੜ ਰਹੀ। ਇਸ ਦੌਰਾਨ ਲੋਕ ਇਕ ਪੰਘੂੜੇ ‘ਤੇ ਝੂਟੇ ਲੈ ਰਹੇ ਸਨ ਜੋ ਕਿ ਇਕ ਖੰਭੇ ਦੀ ਮਦਦ ਨਾਲ ਉੱਪਰ-ਥੱਲੇ ਘੁੰਮਦਾ ਸੀ ਕਿ ਅਚਾਨਕ ਪੰਘੂੜੇ ‘ਚ ਨੁਕਸ ਪੈ ਗਿਆ ਅਤੇ ਪੰਘੂੜਾ ਇਕ ਦਮ ਸਿੱਧਾ ਹੇਠਾਂ ਆ ਗਿਆ, ਜਿਸ ਕਾਰਨ ਹਾਦਸੇ ਦਾ ਸ਼ਿਕਾਰ ਹੋਏ ਲੋਕ ਵਾਲ-ਵਾਲ ਬਚ ਗਏ।
ਚਸ਼ਮਦੀਦਾਂ ਅਨੁਸਾਰ ਪੰਘੂੜੇ ‘ਚ ਤੇਲ ਵਰਗੀ ਕੋਈ ਚੀਜ਼ ਇਧਰ-ਉਧਰ ਖਿੱਲਰ ਗਈ, ਜਿਸ ਕਾਰਨ ਅੱਗ ਲੱਗਣ ਵਰਗੀ ਘਟਨਾ ਵਾਪਰ ਸਕਦੀ ਸੀ। ਪੰਘੂੜੇ ਦੇ ਟੁੱਟਣ ਦਾ ਕਾਰਨ ਸਮਰੱਥਾ ਤੋਂ ਵੱਧ ਲੋਕਾਂ ਦੀ ਸਵਾਰੀ ਹੋਣਾ ਵੀ ਕਿਹਾ ਜਾ ਰਿਹਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਇਸ ਦੀ ਜਾਂਚ ਕਰਕੇ ਮੇਲਾ ਸੰਚਾਲਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਇਸ ਮੇਲੇ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ ਹੈ |




