ਫ਼ਤਿਹਗੜ੍ਹ ਸਾਹਿਬ 15 ਮਈ 2023: ਪਿੰਡ ਰਸੂਲਪੁਰ ਵਿਖੇ ਜ਼ਮੀਨ ਦੀ ਵੰਡ ਨੂੰ ਲੈ ਕੇ ਇੱਕ 24 ਸਾਲਾ ਨੌਜਵਾਨ ਵੱਲੋਂ ਆਪਣੇ ਦਾਦੇ ਦਾ ਕਤਲ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਡੀ.ਐਸ.ਪੀ. ਬਸੀ ਪਠਾਣਾਂ ਅਮਰਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਕੱਲ ਪਿੰਡ ਰਸੂਲਪੁਰ ਵਿਖੇ ਉਥੋਂ ਦੇ ਵਸਨੀਕ ਜਸਵੰਤ ਸਿੰਘ(62) ਨਾਮਕ ਵਿਅਕਤੀ ਦੇ ਕਤਲ ਹੋ ਜਾਣ ਦੀ ਸੂਚਨਾ ਮਿਲੀ ਸੀ ਜਿਸ ‘ਤੇ ਥਾਣਾ ਬਡਾਲੀ ਆਲਾ ਸਿੰਘ ਦੇ ਐਸ.ਐਚ.ਓ. ਸਬ-ਇੰਸਪੈਕਟਰ ਨਰਪਿੰਦਰ ਸਿੰਘ ਅਤੇ ਚੁੰਨੀ ਕਲਾਂ ਚੌਂਕੀ ਦੇ ਇੰਚਾਰਜ ਕਸ਼ਮੀਰੀ ਲਾਲ ਨੇ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮ੍ਰਿਤਕ ਜਸਵੰਤ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈਂਦੇ ਹੋਏ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ||
ਮ੍ਰਿਤਕ ਦੇ ਲੜਕੇ ਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪਿਤਾ ਦਾ ਕਤਲ ਉਸਦੇ ਭਤੀਜੇ ਬਲਜੀਤ ਸਿੰਘ ਨੇ ਕੀਤਾ ਹੈ, ਜਿਸ ‘ਤੇ ਪੁਲਿਸ ਨੇ ਕੁਝ ਹੀ ਘੰਟਿਆਂ ‘ਚ ਬਲਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਬਲਜੀਤ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲਿਸ ਨੂੰ ਦੱਸਿਆ ਕਿ ਉਸਦੇ ਦਾਦੇ ਜਸਵੰਤ ਸਿੰਘ ਕੋਲ ਕੁੱਲ ਨੌਂ ਏਕੜ ਜ਼ਮੀਨ ਸੀ, ਜਿਸਨੇ ਤਿੰਨ-ਤਿੰਨ ਏਕੜ ਜ਼ਮੀਨ ਆਪਣੇ ਦੋਵਾਂ ਪੁੱਤਰਾਂ ਨੂੰ ਵੰਡ ਕੇ ਦਿੱਤੀ ਹੋਈ ਸੀ |
ਇਸਦੇ ਨਾਲ ਹੀ ਤਿੰਨ ਏਕੜ ਜ਼ਮੀਨ ਆਪਣੇ ਕੋਲ ਰੱਖੀ ਹੋਈ ਸੀ ਪਰ ਉਸਨੂੰ ਕਿਸੇ ਰਿਸ਼ਤੇਦਾਰ ਤੋਂ ਪਤਾ ਲੱਗਿਆ ਕਿ ਉਸਦਾ ਦਾਦਾ ਜਸਵੰਤ ਸਿੰਘ ਆਪਣੇ ਹਿੱਸੇ ਦੀ 3 ਏਕੜ ਜ਼ਮੀਨ ਦੋਵਾਂ ਪੁੱਤਰਾਂ ‘ਚ ਬਰਾਬਰ ਵੰਡਣ ਦੀ ਬਜਾਏ ਆਪਣੀ ਇੱਕ ਨੂੰਹ ਦੇ ਨਾਮ ਕਰਵਾਉਣੀ ਚਾਹੁੰਦਾ ਹੈ | ਜਿਸ ਤੋਂ ਪ੍ਰੇਸ਼ਾਨ ਹੋ ਕੇ ਬਲਜੀਤ ਸਿੰਘ ਨੇ ਦਾਦੇ ਨੂੰ ਕਤਲ ਕਰਨ ਦੀ ਵਿਉਂਤ ਬਣਾਈ ਤੇ ਉਹ ਸਵੇਰੇ ਪੰਜ ਵਜੇ ਹੀ ਖੇਤ ‘ਚ ਲੁਕ ਕੇ ਬੈਠ ਗਿਆ ਤੇ ਜਦੋਂ ਉਸਦਾ ਦਾਦਾ ਜਸਵੰਤ ਸਿੰਘ ਖੇਤ ‘ਚ ਕੰਮ ਕਰਨ ਲਈ ਆਇਆ ਤਾਂ ਉਸਨੇ ਉਸਦੇ ਸਿਰ ‘ਤੇ ਕਿਰਪਾਨ ਦੇ ਵਾਰ ਕਰਕੇ ਉਸਦਾ ਕਤਲ ਕਰ ਦਿੱਤਾ।