ਚੰਡੀਗੜ੍ਹ, 30 ਜਨਵਰੀ 2024: ਬੀਤੀ ਰਾਤ ਪੰਜਾਬ ਦੇ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਹੋਸਟਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵਾਸੀ ਸੰਗਰੂਰ, ਲਹਿਰਾਗਾਗਾ ਵਜੋਂ ਹੋਈ ਹੈ। ਪੁਲਿਸ ਨੇ ਕਰਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਰੱਖਵਾ ਦਿੱਤਾ ਹੈ। ਉਸਦੀ ਲਾਸ਼ ਦਾ ਪੋਸਟਮਾਰਟਮ ਅੱਜ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਨੇ ਵਿਦਿਆਰਥੀ ਦੇ ਪਿਓ ਨੂੰ ਫੋਨ ਕਰਕੇ ਪ੍ਰੀਖਿਆ ‘ਚ ਘੱਟ ਨੰਬਰ ਆਉਣ ਦੀ ਸ਼ਿਕਾਇਤ ਕੀਤੀ ਸੀ। ਵਿਦਿਆਰਥੀ ਦੇ ਪਿਓ ਸੁਰੇਸ਼ ਦਾ ਕਹਿਣਾ ਹੈ ਕਿ ਮੈਂ ਆਪਣੇ ਬੱਚੇ ਨੂੰ ਹੋਸਟਲ ਨਹੀਂ ਭੇਜਣਾ ਚਾਹੁੰਦਾ ਸੀ। ਪਰ ਸਕੂਲ ਨੇ ਬੱਚੇ ਨੂੰ ਹੋਸਟਲ ਵਿੱਚ ਰਹਿਣ ਲਈ ਮਜ਼ਬੂਰ ਕਰ ਦਿੱਤਾ। ਪਿਓ ਨੇ ਦੋਸ਼ ਲਾਇਆ ਹੈ ਕਿ ਸਕੂਲ ਪ੍ਰਸ਼ਾਸਨ ਵੱਲੋਂ ਉਸ ਦੇ ਬੱਚੇ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ।
ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ। ਇਸ ਸਬੰਧੀ ਡੀਐਸਪੀ ਮਨੋਜ ਨੇ ਦੱਸਿਆ ਕਿ ਅੱਜ ਪਰਿਵਾਰ ਦੇ ਬਿਆਨ ਦਰਜ ਕਰਕੇ ਪੁਲਿਸ ਅਗਲੇਰੀ ਕਾਰਵਾਈ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰਨ ਸੰਗਰੂਰ ਦੇ ਘਾਬਦਾਂ ਵਿੱਚ ਸਥਿਤ ਮੈਰੀਟੋਰੀਅਸ ਸਕੂਲ ਵਿੱਚ 12ਵੀਂ ਜਮਾਤ ਵਿੱਚ ਕਾਮਰਸ ਸਟਰੀਮ ਵਿੱਚ ਪੜ੍ਹਦਾ ਸੀ। ਸੋਮਵਾਰ ਦੇਰ ਸ਼ਾਮ ਕਰਨ ਨੇ ਸਕੂਲ ਦੇ ਵਿਹੜੇ ‘ਚ ਬਣੇ ਹੋਸਟਲ ‘ਚ ਫਾਹਾ ਲੈ ਕੇ ਖੁਦਕੁਸ਼ੀ (suicide) ਕਰ ਲਈ।
ਮ੍ਰਿਤਕ ਕਰਨ ਦੇ ਪਿਤਾ ਪੇਸ਼ੇ ਤੋਂ ਸਬਜ਼ੀ ਵੇਚਣ ਵਾਲੇ ਹਨ। ਕਰਨ ਦੇ ਪਿਤਾ ਸੁਰੇਸ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 3 ਵਜੇ ਕਰਨ ਦੇ ਸਕੂਲ ਅਧਿਆਪਕ ਦਾ ਫੋਨ ਆਇਆ ਸੀ। ਅਧਿਆਪਕ ਨੇ ਦੱਸਿਆ ਕਿ ਬੇਟੇ ਦੇ ਪੇਪਰ ਵਿੱਚ ਘੱਟ ਨੰਬਰ ਆਏ ਹਨ, ਬੇਟੇ ਦਾ ਧਿਆਨ ਰੱਖੋ। ਸੁਰੇਸ਼ ਨੇ ਦੱਸਿਆ ਕਿ ਉਸ ਦੇ ਤਿੰਨ ਪੁੱਤਰ ਹਨ, ਕਰਨ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ।