ਸਕੂਲ ਬੈਂਡ

ਲੜਕੀਆਂ ਦੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦੀ ਰੰਗਾਰੰਗ ਸ਼ੁਰੂਆਤ

ਐੱਸ.ਏ.ਐੱਸ.ਨਗਰ, 14 ਦਸੰਬਰ 2023: ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਸਿੱਖਿਆ ਤੇ ਸਾਖ਼ਰਤਾ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਇਨਫੈਂਟ ਜੀਸਸ ਕਾਨਵੈਂਟ ਸਕੂਲ, ਸੈਕਟਰ 65, ਐੱਸ.ਏ.ਐੱਸ.ਨਗਰ ਵਿਖੇ ਕਰਵਾਏ ਜਾ ਰਹੇ ਰਾਸ਼ਟਰੀ ਉੱਤਰੀ ਜ਼ੋਨ ਸਕੂਲ ਬੈਂਡ ਮੁਕਾਬਲਿਆਂ ਦੌਰਾਨ ਅੱਜ ਲੜਕੀਆਂ ਦੇ ਮੁਕਾਬਲੇ ਸ਼ੁਰੂ ਹੋਏ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਰਾਜਾਂ ਦੀਆਂ ਲੜਕੀਆਂ ਦੀਆਂ ਪਾਈਪ ਤੇ ਬਰਾਸ ਬੈਂਡ ਟੀਮਾਂ ਨੇ ਭਾਗ ਲੈ ਰਹੀਆਂ ਹਨ।

ਸਿੱਖਿਆ ਮੰਤਰੀ  ਹਰਜੋਤ ਸਿੰਘ ਬੈਂਸ ਦੀ ਯੋਗ ਅਗਵਾਈ ਵਿੱਚ ਅੱਜ ਸ਼ੁਰੂ ਹੋਏ ਲੜਕੀਆਂ ਦੇ ਬੈਂਡ ਮੁਕਾਬਲਿਆਂ ਦਾ ਉਦਘਾਟਨ ਮਾਨਯੋਗ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਕੀਤਾ ਜਦਕਿ ਇਸ ਉਦਘਾਟਨ ਸਮਾਗਮ ਦੀ ਪ੍ਰਧਾਨਗੀ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਅਭਿਕੇਸ਼ ਗੁਪਤਾ ਨੇ ਕੀਤੀ।  ਯਾਦਵ ਨੇ ਸ਼ਮ੍ਹਾਂ ਰੋਸ਼ਨ ਕਰਕੇ ਲੜਕੀਆਂ ਦੇ ਬੈਂਡ ਮੁਕਾਬਲਿਆਂ ਦਾ ਉਦਘਾਟਨ ਕੀਤਾ। ਉਨ੍ਹਾਂ ਮੁਕਾਬਲਿਆਂ ਦੇ ਆਗਾਜ਼ ਦਾ ਸੁਨੇਹਾ ਦੇਣ ਲਈ ਅਸਮਾਨ ਵਿੱਚ ਗੁਬਾਰੇ ਵੀ ਛੱਡੇ। ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਆਪਣੇ ਕਿਹਾ ਕਿ ਕੇਵਲ ਕਿਤਾਬੀ ਗਿਆਨ ਦੇਣਾ ਹੀ ਸਿੱਖਿਆ ਦਾ ਮਨੋਰਥ ਨਹੀਂ ਸਗੋਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਨਾ ਇਸ ਦਾ ਅਸਲ ਮਨੋਰਥ ਹੈ।

ਉਨ੍ਹਾਂ ਕਿਹਾ ਕਿ ਬੈਂਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀ ਗਤੀਵਿਧੀਆਂ ਵਿੱਚ ਭਾਗ ਲੈਣਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜੀਵਨ ਤੋਂ ਹੀ ਬੱਚਿਆਂ ਅੰਦਰ ਕਲਾ ਦੇ ਹੋਣ ਦੇ ਨਾਨ-ਨਾਲ ਉਨ੍ਹਾਂ ਅੰਦਰ ਮਿਹਨਤ ਦੀ ਆਦਤ ਤੇ ਜਨੂਨ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਵੱਖ-ਵੱਖ ਰਾਜਾਂ ਤੋਂ ਆਈਆਂ ਲੜਕੀਆਂ ਦੀਆਂ ਬੈਂਡ ਟੀਮਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਹੋਰਨਾਂ ਵਿਦਿਆਰਥੀਆਂ ਲਈ ਰਾਹ ਦਸੇਰਾ ਬਣਨ ਦੀ ਅਪੀਲ ਕੀਤੀ।

ਸਹਾਇਕ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਸ਼ਰੂਤੀ ਸ਼ੁਕਲਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਡਾ: ਗਿੰਨੀ ਦੁੱਗਲ ਨੇ ਦੱਸਿਆ ਕਿ ਅੱਜ ਸ਼ੁਰੂ ਹੋਏ ਲੜਕੀਆਂ ਦੇ ਬਰਾਸ ਤੇ ਪਾਈਪ ਬੈਂਡ ਮੁਕਾਬਲਿਆਂ ਵਿੱਚ ਉੱਤਰੀ ਭਾਰਤ ਦੇ ਪੰਜਾਬ,ਹਰਿਆਣਾ,ਜੰਮੂਲੂ-ਕਸ਼ਮੀਰ,ਉੱਤਰਾਖੰਡ,ਹਿਮਾਚਲ ਪ੍ਰਦੇਸ਼,ਉੱਤਰ ਪ੍ਰਦੇਸ਼,ਬਿਹਾਰ,ਲੱਦਾਖ਼,ਦਿੱਲੀ ਰਾਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਇਸ ਮੌਕੇ ਪ੍ਰੋਗਰਾਮ ਕੋਆਰਡੀਨੇਟਰ ਗੁਰਵੀਰ ਕੌਰ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਅੰਗਰੇਜ਼ ਸਿੰਘ,ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਇੰਦੂ ਬਾਲਾ ਤੋਂ ਇਲਾਵਾ ਬੰਦਨਾ ਪੁਰੀ ਮੁੰਧੋਂ ਸੰਗਤੀਆਂ,ਚਰਨਜੀਤ ਕੌਰ ਕੁਰਾਲੀ,ਸੁਹਿੰਦਰ ਕੌਰ ਹੁਸ਼ਿਆਰਪੁਰ,ਸੰਧਿਆ ਸ਼ਰਮਾ,ਹਿਮਾਂਸ਼ੂ ਲਟਾਵਾ,ਡਾ: ਅਮਰਬੀਰ ਸਿੰਘ,ਸ਼ਲੰਦਰ ਸਿੰਘ ਆਦਿ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ,ਟੀਮਾਂ ਨਾਲ ਆਏ ਇੰਚਾਰਜ਼ ਸਾਹਿਬਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ।

Scroll to Top