ਚੰਡੀਗੜ੍ਹ, 12 ਦਸੰਬਰ 2023: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਗਣਤੰਤਰ ਦਿਵਸ 2024 (Republic Day) ਲਈ ਭਾਰਤ ਨਹੀਂ ਆਉਣਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਸੀ। ਇਹ ਜਾਣਕਾਰੀ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਦਿੱਤੀ। ਇਸ ਤੋਂ ਇਲਾਵਾ ਭਾਰਤ ‘ਚ ਜਨਵਰੀ ‘ਚ ਹੋਣ ਵਾਲੇ ਕਵਾਡ ਸਮਿਟ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਬੈਠਕ 26 ਜਨਵਰੀ ਦੇ ਆਸ-ਪਾਸ ਹੋਣੀ ਸੀ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਭਾਰਤ ਵੱਲੋਂ ਕਵਾਡ ਬੈਠਕ ਲਈ ਬਣਾਏ ਪ੍ਰੋਗਰਾਮ ‘ਤੇ ਹੋਰ ਦੇਸ਼ ਸਹਿਮਤ ਨਹੀਂ ਹੋਏ ਹਨ। ਆਖ਼ਰੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ 2015 ਵਿੱਚ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਏ ਸਨ। ਆਪਣੇ 3 ਦਿਨਾਂ ਦੌਰੇ ਦੌਰਾਨ ਓਬਾਮਾ ਨੇ ਪੀਐਮ ਮੋਦੀ ਨਾਲ ਮਨ ਕੀ ਬਾਤ ਪ੍ਰੋਗਰਾਮ ਵਿੱਚ ਵੀ ਸ਼ਿਰਕਤ ਕੀਤੀ।
ਇਸ ਵਾਰ ਭਾਰਤ ਦੇ ਗਣਤੰਤਰ ਦਿਵਸ (Republic Day) ਦੇ ਸੱਦੇ ‘ਤੇ ਅਮਰੀਕਾ ਨੇ ਅਜੇ ਤੱਕ ਕੁਝ ਨਹੀਂ ਕਿਹਾ ਸੀ। ਇਸ ਦੇ ਨਾਲ ਹੀ ਕਵਾਡ ਮੈਂਬਰ ਦੇਸ਼ ਆਸਟ੍ਰੇਲੀਆ ਦਾ ਰਾਸ਼ਟਰੀ ਦਿਵਸ ਵੀ 26 ਜਨਵਰੀ ਨੂੰ ਹੈ। ਇਸ ਕਾਰਨ ਐਂਥਨੀ ਅਲਬਾਨੀਜ਼ ਉਸ ਸਮੇਂ ਕਵਾਡ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕਦਾ। ਇਸ ਲਈ ਹੁਣ ਜਾਪਾਨ ਦੇ ਪ੍ਰਧਾਨ ਮੰਤਰੀ ਦੇ ਵੀ ਆਉਣ ਦੀ ਉਮੀਦ ਘੱਟ ਹੈ |