ਚੰਡੀਗੜ੍ਹ, 12 ਦਸੰਬਰ, 2023: ਰਾਜਸਥਾਨ ਵਿੱਚ ਨਵੇਂ ਮੁੱਖ ਮੰਤਰੀ ਦਾ ਐਲਾਨ ਹੋ ਗਿਆ ਹੈ। ਭਜਨ ਲਾਲ ਸ਼ਰਮਾ (Bhajan Lal Sharma) ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਹੋਣਗੇ। ਭਜਨ ਲਾਲ ਦੇ ਨਾਂ ਦਾ ਐਲਾਨ ਵਿਧਾਇਕ ਦਲ ਦੀ ਬੈਠਕ ‘ਚ ਕੀਤਾ ਗਿਆ ਹੈ । ਸੂਬਾ ਦਫ਼ਤਰ ਵਿੱਚ ਹੋਈ ਵਿਧਾਇਕ ਦਲ ਦੀ ਬੈਠਕ ਵਿੱਚ ਭਾਜਪਾ ਹਾਈਕਮਾਂਡ ਵੱਲੋਂ ਤੈਅ ਕੀਤੇ ਗਏ ਨਾਂ ਦਾ ਐਲਾਨ ਕੀਤਾ ਗਿਆ ਅਤੇ ਸਾਰਿਆਂ ਨੇ ਭਜਨ ਲਾਲ ਸ਼ਰਮਾ ਦੇ ਨਾਂ ’ਤੇ ਸਹਿਮਤੀ ਜਤਾਈ।
ਸੂਤਰਾਂ ਮੁਤਾਬਕ ਵਸੁੰਧਰਾ ਰਾਜੇ ਨੇ ਹੀ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਭਜਨ ਲਾਲ ਸ਼ਰਮਾ (Bhajan Lal Sharma) ਸੰਘ ਦੇ ਪਿਛੋਕੜ ਤੋਂ ਆਉਂਦੇ ਹਨ। ਉਹ ਮੂਲ ਰੂਪ ਤੋਂ ਭਰਤਪੁਰ ਦਾ ਰਹਿਣ ਵਾਲਾ ਹੈ। ਇਸ ਸਮੇਂ ਉਹ ਸੂਬਾ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲ ਰਹੇ ਸਨ। ਭਾਜਪਾ ਪਾਰਟੀ ਨੇ ਉਨ੍ਹਾਂ ਨੂੰ ਪਹਿਲੀ ਵਾਰ ਜੈਪੁਰ ਜ਼ਿਲ੍ਹੇ ਦੀ ਸੰਗਨੇਰ ਵਿਧਾਨ ਸਭਾ ਸੀਟ ਤੋਂ ਟਿਕਟ ਦਿੱਤੀ ਸੀ। ਜਿੱਥੋਂ ਉਹ ਜਿੱਤ ਕੇ ਵਿਧਾਇਕ ਬਣੇ ਹਨ।
ਬੈਠਕ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਰਾਜਨਾਥ ਸਿੰਘ ਨੇ ਬੈਠਕ ਤੋਂ ਪਹਿਲਾਂ ਹੀ ਵਸੁੰਧਰਾ ਰਾਜੇ ਨੂੰ ਨਵੇਂ ਮੁੱਖ ਮੰਤਰੀ ਦਾ ਨਾਂ ਪ੍ਰਸਤਾਵਿਤ ਕਰਨ ਲਈ ਮਨਾ ਲਿਆ ਸੀ। ਉਪ ਮੁੱਖ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਦੇ ਨਾਵਾਂ ਦਾ ਵੀ ਛੇਤੀ ਹੀ ਐਲਾਨ ਹੋ ਸਕਦਾ ਹੈ।