snowfall

ਹਿਮਾਲੀਅਨ ਖੇਤਰ ‘ਚ ਭਾਰੀ ਬਰਫਬਾਰੀ ਦੀ ਭਵਿੱਖਬਾਣੀ, ਮੈਦਾਨੀ ਇਲਾਕਿਆਂ ‘ਚ ਪਵੇਗੀ ਕੜਾਕੇ ਦੀ ਠੰਢ

ਚੰਡੀਗੜ੍ਹ, 12 ਦਸੰਬਰ 2023: ਪਿਛਲੇ 48 ਘੰਟਿਆਂ ‘ਚ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਰਾਤ ਦਾ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ। ਜਿਸਦਾ ਅਸਰ ਪੰਜਾਬ ‘ਚ ਵੀ ਦੇਖਿਆ ਗਿਆ ਹੈ | ਪੰਜਾਬ ‘ਚ ਸੰਘਣੀ ਧੁੰਦ ਕਾਰਨ ਸੜਕਾਂ ‘ਤੇ ਆਵਾਜਾਈ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ| ਮੌਸਮ ਵਿਭਾਗ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਹਿਮਾਲੀਅਨ ਖੇਤਰ ‘ਚ ਬਰਫਬਾਰੀ (snowfall) ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਹਵਾਵਾਂ ਦੀ ਰਫ਼ਤਾਰ ਥੋੜੀ ਜਿਹੀ ਵੀ ਵਧ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਮੈਦਾਨੀ ਇਲਾਕਿਆਂ ਵਿੱਚ ਕੜਾਕੇ ਦੀ ਠੰਢ ਦੇ ਰੂਪ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਉੱਤਰੀ ਭਾਰਤ ਦੇ ਵੱਖ-ਵੱਖ ਇਲਾਕਿਆਂ ‘ਚ ਧੁੰਦ ਦਾ ਕਹਿਰ ਵਧਦਾ ਜਾ ਰਿਹਾ ਹੈ। ਬਨਾਰਸ, ਲਖਨਊ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਵਿਜ਼ੀਬਿਲਟੀ 200 ਮੀਟਰ ਤੋਂ ਵੀ ਘੱਟ ਹੋ ਗਈ ਹੈ।

ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਘੱਟੋ-ਘੱਟ ਪਾਰਾ ਲਗਾਤਾਰ ਡਿੱਗ ਰਿਹਾ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਅਨੁਮਾਨਾਂ ਮੁਤਾਬਕ ਮੰਗਲਵਾਰ ਅਤੇ ਬੁੱਧਵਾਰ ਨੂੰ ਹਿਮਾਲਿਆ ਦੇ ਪੀਰਪੰਜਲ ਰੇਂਜ ‘ਚ ਜ਼ਿਆਦਾ ਬਰਫਬਾਰੀ (snowfall) ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਜੇਕਰ ਇਨ੍ਹਾਂ ਇਲਾਕਿਆਂ ‘ਚ ਦੋ ਦਿਨਾਂ ਤੱਕ ਭਾਰੀ ਬਰਫਬਾਰੀ ਹੁੰਦੀ ਹੈ ਤਾਂ ਇਸ ਦਾ ਅਸਰ ਮੈਦਾਨੀ ਇਲਾਕਿਆਂ ‘ਤੇ ਵੀ ਪਵੇਗਾ। ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਤੇਜ਼ ਹਵਾਵਾਂ ਕਾਰਨ ਮੈਦਾਨੀ ਇਲਾਕਿਆਂ ਵਿੱਚ ਘੱਟੋ-ਘੱਟ ਪਾਰਾ ਡਿੱਗਣ ਦੀ ਸੰਭਾਵਨਾ ਵਧ ਸਕਦੀ ਹੈ। ਫਿਲਹਾਲ ਉੱਤਰੀ ਭਾਰਤ ਦੇ ਜ਼ਿਆਦਾਤਰ ਮੈਦਾਨੀ ਇਲਾਕਿਆਂ ‘ਚ ਘੱਟੋ-ਘੱਟ ਤਾਪਮਾਨ 6 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਹੋਇਆ ਹੈ।

ਵਿਗਿਆਨੀ ਸੁਰਿੰਦਰ ਪਾਲ ਦਾ ਕਹਿਣਾ ਹੈ ਕਿ 16 ਦਸੰਬਰ ਤੋਂ ਬਾਅਦ ਮੈਦਾਨੀ ਇਲਾਕਿਆਂ ‘ਚ ਦਿਨ ਅਤੇ ਰਾਤ ਦੇ ਤਾਪਮਾਨ ‘ਚ ਗਿਰਾਵਟ ਦੇਖੀ ਜਾ ਸਕਦੀ ਹੈ। ਜਦਕਿ ਵੱਖ-ਵੱਖ ਇਲਾਕਿਆਂ ‘ਚ ਧੁੰਦ ਦਾ ਕਹਿਰ ਲਗਾਤਾਰ ਵਧਦਾ ਰਹੇਗਾ।

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪਹਾੜੀ ਇਲਾਕਿਆਂ ‘ਚ ਰਾਤ ਦੇ ਤਾਪਮਾਨ ‘ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਉਪਰਲੇ ਹਿੱਸਿਆਂ ਵਿੱਚ ਰਾਤ ਦਾ ਤਾਪਮਾਨ ਲਗਾਤਾਰ ਮਾਈਨਸ ਤੱਕ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਕਸ਼ਮੀਰ ਸਮੇਤ ਲੇਹ-ਲਦਾਖ ਖੇਤਰਾਂ ‘ਚ ਤਾਪਮਾਨ ਜ਼ੀਰੋ ਤੋਂ 4 ਤੋਂ 11 ਡਿਗਰੀ ਹੇਠਾਂ ਬਣਿਆ ਹੋਇਆ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਉੱਤਰਾਖੰਡ ਅਤੇ ਹਿਮਾਚਲ ਦੇ ਕੁਝ ਹਿੱਸਿਆਂ ‘ਚ ਪੱਛਮੀ ਗੜਬੜੀ ਕਾਰਨ ਕੁਝ ਇਲਾਕਿਆਂ ‘ਚ ਮੀਂਹ ਦੀ ਵੀ ਭਵਿੱਖਬਾਣੀ ਕੀਤੀ ਜਾ ਰਹੀ ਹੈ।

Scroll to Top