ਚੰਡੀਗੜ੍ਹ, 4 ਦਸੰਬਰ 2023: ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ (Raghav Chadha)ਦੀ ਮੁਅੱਤਲੀ ਦੇ ਮੁੱਦੇ ‘ਤੇ ਅੱਜ ਸੰਸਦ ‘ਚ ਰਾਜ ਸਭਾ ਵਿਸ਼ੇਸ਼ ਅਧਿਕਾਰ ਕਮੇਟੀ ਦੀ ਬੈਠਕ ਹੋਈ। ਇਸ ਦੌਰਾਨ ਚੇਅਰਮੈਨ ਜਗਦੀਪ ਧਨਖੜ ਨੇ ਰਾਘਵ ਚੱਢਾ ਨੂੰ ਸਦਨ ਵਿੱਚ ਵਾਪਸ ਆਉਣ ਦੀ ਇਜਾਜ਼ਤ ਦੇ ਦਿੱਤੀ।
ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ‘ਆਪ’ ਸੰਸਦ ਮੈਂਬਰ ਰਾਘਵ ਚੱਢਾ ਦੀ ਮੁਅੱਤਲੀ ਭਾਜਪਾ ਦੇ ਸੰਸਦ ਮੈਂਬਰ ਜੀਵੀਐੱਲ ਨਰਸਿਮਹਾ ਰਾਓ ਵੱਲੋਂ ਪੇਸ਼ ਮਤੇ ‘ਤੇ ਰੱਦ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਅਧਿਕਾਰ ਕਮੇਟੀ ਨੇ ‘ਆਪ’ ਦੇ ਸੰਸਦ ਮੈਂਬਰ ਦੀ ਮੁਅੱਤਲੀ ਦੀ ਮਿਆਦ ਕਾਫ਼ੀ ਪਾਈ ਗਈ ਹੈ।
ਮੁਅੱਤਲੀ ਦੇ ਹੁਕਮ ਵਾਪਸ ਲੈਣ ‘ਤੇ ‘ਆਪ’ ਸੰਸਦ ਰਾਘਵ ਚੱਢਾ ਨੇ ਕਿਹਾ, ‘ਮੈਨੂੰ 11 ਅਗਸਤ ਨੂੰ ਰਾਜ ਸਭਾ ਤੋਂ ਮੁਅੱਤਲ ਕੀਤਾ ਗਿਆ ਸੀ। ਮੈਂ ਆਪਣੀ ਮੁਅੱਤਲੀ ਵਾਪਸ ਲੈਣ ਲਈ ਸੁਪਰੀਮ ਕੋਰਟ ਗਿਆ ਸੀ। ਸੁਪਰੀਮ ਕੋਰਟ ਨੇ ਇਸ ਦਾ ਨੋਟਿਸ ਲਿਆ ਅਤੇ ਹੁਣ 115 ਦਿਨਾਂ ਬਾਅਦ ਮੇਰੀ ਮੁਅੱਤਲੀ ਰੱਦ ਕਰ ਦਿੱਤੀ ਗਈ ਹੈ। ਮੈਨੂੰ ਖੁਸ਼ੀ ਹੈ ਕਿ ਮੇਰੀ ਮੁਅੱਤਲੀ ਵਾਪਸ ਲੈ ਲਈ ਗਈ ਹੈ। ਮੈਂ ਸੁਪਰੀਮ ਕੋਰਟ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।
ਕੀ ਹੈ ਰਾਘਵ ਚੱਢਾ ਦਾ ਮੁਅੱਤਲੀ ਮਾਮਲਾ?
11 ਅਗਸਤ ਨੂੰ ਸਦਨ ‘ਚ ਭਾਜਪਾ ਆਗੂ ਪਿਊਸ਼ ਗੋਇਲ ਨੇ ਰਾਜ ਸਭਾ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਸੀ। ‘ਆਪ’ ਆਗੂ ਰਾਘਵ (Raghav Chadha) ਖ਼ਿਲਾਫ਼ ਪ੍ਰਸਤਾਵਿਤ ਚੋਣ ਕਮੇਟੀ ਵਿੱਚ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੁਝ ਮੈਂਬਰਾਂ ਦੇ ਨਾਂ ਸ਼ਾਮਲ ਕਰਨ ਲਈ ਕਾਰਵਾਈ ਦੀ ਮੰਗ ਕੀਤੀ ਗਈ ਸੀ। ਰਾਜ ਸਭਾ ਵੱਲੋਂ ਮਤਾ ਪਾਸ ਕਰਨ ਤੋਂ ਬਾਅਦ, ਚੱਢਾ ਨੂੰ ਮਾਨਸੂਨ ਸੈਸ਼ਨ ਦੇ ਆਖ਼ਰੀ ਦਿਨ “ਨਿਯਮਾਂ ਦੀ ਘੋਰ ਉਲੰਘਣਾ, ਦੁਰਵਿਵਹਾਰ, ਅਪਮਾਨਜਨਕ ਵਿਵਹਾਰ” ਲਈ ਵਿਸ਼ੇਸ਼ ਅਧਿਕਾਰ ਕਮੇਟੀ ਦੀ ਰਿਪੋਰਟ ਲੰਬਿਤ ਹੋਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ।