ਲੁਧਿਆਣਾ 02 ਦਸੰਬਰ ,2023: ਲੁਧਿਆਣਾ ਵਿਖੇ ਭਾਜਪਾ (BJP) ਵਰਕਰ ਨੂੰ ਸੰਬੋਧਿਤ ਕਰਦੇ ਹੋਏ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਭਾਜਪਾ ਵਰਕਰ ਆਪਣੇ ਗਲੀ ,ਮੁਹੱਲੇ ,ਆਸ ਪੜੋਸ ਦੇ ਲੋਕਾਂ ਦੀ ਸੇਵਾ ਕਰਨ ,ਉਹਨਾਂ ਦੇ ਦੁੱਖ ਸੁੱਖ ਵਿੱਚ ਸਾਥ ਦੇਣ ,ਲੋਕਾਂ ਦੀਆ ਸਮੱਸਿਆਵਾਂ ਸਰਕਾਰ ਤੱਕ ਪੁਹੰਚਾਉਣ ,ਉਹਨਾਂ ਦਾ ਹੱਲ ਕਰਵਾਉਣ ਤੇ ਅਗਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਗੱਲ ਨਾ ਸੁਣੇ ਤਾਂ ਧਰਨਾ ਪ੍ਰਦਰਸ਼ਨ ਕਰਨ ਤੋਂ ਗੁਰੇਜ ਨਾ ਕਰਨ ।
ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਦੀਆ ਲੋਕ ਭਲਾਈ ਸਕੀਮਾਂ ਤੇ ਸਿਆਸਤ ਕਰ ਰਹੀ ਹੈ ,ਲਾਭਕਾਰੀ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ ਹੈ ਜਾਂ ਉਹਨਾਂ ਸਕੀਮਾਂ ਦਾ ਨਾਮ ਬਦਲ ਕੇ ਆਪਣੀਆਂ ਸਕੀਮਾਂ ਦੱਸ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕਰ ਰਹੀ ਹੈ ,ਜੋ ਬਹੁਤ ਮੰਦਭਾਗਾ ਹੈ ।ਉਹਨਾਂ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਕੇਂਦਰ ਸਰਕਾਰ ਦੀਆ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਤਾਂ ਕਿ ਓਹਨਾ ਨੂੰ ਲਾਭਕਾਰੀ ਯੋਜਨਾਵਾਂ ਦਾ ਲਾਭ ਮਿਲ ਸਕੇ |ਉਹਨਾ ਕਿਹਾ ਕਿ ਕੇਂਦਰ ਸਰਕਾਰ ਦੀਆਂ ਲਾਭਕਾਰੀ ਯੋਜਨਾਵਾਂ ਦੀ ਲਿਸਟ ਇੰਨੀ ਲੰਬੀ ਹੈ ਕਿ ਇੱਕ ਬਿਆਨ ਰਾਹੀ ਦੱਸਣਾ ਸੰਭਵ ਨਹੀਂ ਹੈ ।
ਉਹਨਾਂ ਕਿਹਾ ਕਿ ਭਾਜਪਾ (BJP) ਪੰਜਾਬ ਦੀਆ ਸਥਾਨਿਕ ਤੇ ਲੋਕ ਸਭਾ ਚੋਣਾਂ ਵਿੱਚ ਕਿਸੇ ਪਾਰਟੀ ਨਾਲ ਗੱਠਜੋੜ ਨਹੀ ਕਰੇਗੀ ਸਾਰੀਆਂ ਚੋਣਾਂ ਆਪਣੇ ਬਲਬੂਤੇ ਤੇ ਲੜੇਗੀ ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ |ਚੁੱਘ ਨੇ ਭਾਜਪਾ ਵਰਕਰਾਂ ਨੂੰ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਤੇ ਹਰ ਗਲੀ ਮੁਹੱਲੇ ਦੇ ਇੱਕ ਇੱਕ ਵੋਟਰ ਨਾਲ ਸੰਪਰਕ ਕਰਨ ਲਈ ਕਿਹਾ ।ਉਹਨਾਂ ਕਿਹਾ ਪੰਜਾਬ ਦੇ ਲੋਕ ਹੁਣ ਭਾਜਪਾ ਦਾ ਸਾਥ ਦੇਣਗੇ ਤੇ ਨਗਰ ਨਿਗਮ ਚੋਣਾਂ ਤੋਂ ਬਾਅਦ ਲੁਧਿਆਣਾ ਸਮੇਤ ਪੰਜੇ ਨਗਰ ਨਿਗਮਾਂ ਵਿੱਚ ਭਾਜਪਾ ਦੇ ਮੇਅਰ ਹੋਣਗੇ ।
ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁਕੇ ਹਨ,ਉਦਯੋਗਪਤੀ ਦੂਸਰੇ ਸੂਬਿਆਂ ਵੱਲ ਰੁੱਖ ਕਰ ਰਹੇ ਹਨ ਕਿਉਂਕਿ ਭਗਵੰਤ ਮਾਨ ਸਰਕਾਰ ਉਹਨਾਂ ਨੂੰ ਬੁਨਿਆਦੀ ਸਹੂਲਤਾਂ ਉਪਲਬਧ ਨਹੀ ਕਰਵਾ ਰਹੀ ਹੈ ਤੇ ਦੂਸਰਾ ਪੰਜਾਬ ਵਿੱਚ ਲੋਕਾਂ ਤੇ ਵਪਾਰੀਆਂ ਤੋਂ ਸਰੇਆਮ ਫਿਰੋਤੀਆਂ ਮੰਗੀਆ ਜਾ ਰਾਹੀਆਂ ,ਲੋਕਾਂ ਨੂੰ ਡਰਾਇਆ ਜਾ ਰਿਹਾ ਹੈ ,ਪੁਲਿਸ ਪ੍ਰਸ਼ਾਸਨ ਦਾ ਡਰ ਭੈਅ ਖਤਮ ਹੋ ਚੁੱਕਾ ਹੈ,ਜਿਸ ਕਰਕੇ ਪੰਜਾਬ ਦੇ ਲੋਕ ਡਰੇ ਹੋਏ ਹਨ ।
ਉਹਨਾਂ ਕਿਹਾ ਕਿ ਨਰਿੰਦਰ ਮੋਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬੀਆ ਦੀ ਹਮਦਰਦ ਤੇ ਉਹਨਾਂ ਦੀ ਆਪਣੀ ਸਰਕਾਰ ਹੈ ।ਚੁੱਘ ਨੇ ਕਿਹਾ ਕਿ ਜਿੰਨੇ ਕੰਮ ਪੰਜਾਬ ਤੇ ਸਿੱਖਾਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕੀਤੇ ਹਨ ਉਹਨੇ ਅੱਜ ਤੱਕ ਕਿਸੇ ਹੋਰ ਸਰਕਾਰ ਨੇ ਨਹੀਂ ਕੀਤੇ ਹਨ ।ਉਹਨਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦਾ ਸਾਥ ਦੇਣ ਤਾਂ ਕਿ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕੇ ।