ਚੰਡੀਗੜ੍ਹ, 28 ਨਵੰਬਰ 2023: 12 ਨਵੰਬਰ ਤੋਂ ਉੱਤਰਾਖੰਡ ਦੇ ਸਿਲਕਿਆਰਾ ਸੁਰੰਗ (Silkyara tunnel) ਵਿੱਚ ਫਸੇ 41 ਮਜ਼ਦੂਰਾਂ ਨੂੰ ਕੱਢਣ ਦਾ ਕੰਮ ਅੰਤਿਮ ਪੜਾਅ ‘ਤੇ ਹਨ। ਬਚਾਅ ਲਈ ਸੁਰੰਗ ਵਿੱਚ ਪਾਈ ਪਾਈਪ ਮਜ਼ਦੂਰਾਂ ਤੱਕ ਪਹੁੰਚ ਗਈ ਹੈ। ਹੁਣ ਐਨਡੀਆਰਐਫ ਦੀ ਟੀਮ ਦੋ ਮੀਟਰ ਹੋਰ ਅੱਗੇ ਪਾਈਪ ਵਿਛਾਏਗੀ। ਇਸ ਤੋਂ ਬਾਅਦ 16 ਦਿਨਾਂ ਤੋਂ ਫਸੇ 41 ਮਜ਼ਦੂਰਾਂ ਨੂੰ ਇੱਕ-ਇੱਕ ਕਰਕੇ ਸੁਰੰਗ ਤੋਂ ਬਾਹਰ ਲਿਆਂਦਾ ਜਾਵੇਗਾ।
ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਦੇ ਮੈਂਬਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਸਈਦ ਅਤਾ ਹਸਨਾਨ ਦੇ ਮੁਤਾਬਕ ਖੁਦਾਈ ਦਾ ਕੰਮ ਪੂਰਾ ਹੋਣ ਤੋਂ ਬਾਅਦ, ਪਾਈਪ ਤੱਕ ਸੁਰੰਗ ਵਿੱਚ ਇੱਕ ਰੈਂਪ ਬਣਾਇਆ ਜਾਵੇਗਾ। ਜੇਕਰ ਰੈਂਪ ਬਣਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਪੌੜੀ ਲਗਾਈ ਜਾਵੇਗੀ। ਇਸ ਨਾਲ ਮਜ਼ਦੂਰਾਂ ਨੂੰ ਪਾਈਪ ਤੱਕ ਲਿਜਾਇਆ ਜਾ ਸਕਦਾ ਹੈ। ਪਾਈਪ ਤੱਕ ਪਹੁੰਚਣ ‘ਤੇ ਮਜ਼ਦੂਰਾਂ ਨੂੰ ਸਟਰੈਚਰ ‘ਤੇ ਲੇਟਿਆ ਜਾਵੇਗਾ ਅਤੇ ਉਨ੍ਹਾਂ ਨੂੰ ਰੱਸੀ ਦੀ ਮੱਦਦ ਨਾਲ ਖਿੱਚ ਕੇ ਬਾਹਰ ਕੱਢਿਆ ਜਾਵੇਗਾ। ਇੱਕ ਕਰਮਚਾਰੀ ਨੂੰ ਸੁਰੰਗ ਵਿੱਚੋਂ ਬਾਹਰ ਕੱਢਣ ਵਿੱਚ 3 ਤੋਂ 5 ਮਿੰਟ ਲੱਗਣਗੇ।
ਐਂਬੂਲੈਂਸ ਤੋਂ ਇਲਾਵਾ, ਸਟਰੈਚਰ ਅਤੇ ਗੱਦੇ ਸੁਰੰਗ (Silkyara tunnel) ਦੇ ਅੰਦਰ ਪਹੁੰਚਾਏ ਗਏ ਹਨ। ਇੱਥੇ ਇੱਕ ਹਸਪਤਾਲ ਬਣਾਇਆ ਗਿਆ ਹੈ। ਮਜ਼ਦੂਰਾਂ ਨੂੰ ਬਚਾਅ ਤੋਂ ਬਾਅਦ ਇੱਥੇ ਰੱਖਿਆ ਜਾਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 30-35 ਕਿਲੋਮੀਟਰ ਦੂਰ ਚਿਨਿਆਲੀਸੌਰ ਲਿਜਾਇਆ ਜਾਵੇਗਾ। ਜਿੱਥੇ 41 ਬਿਸਤਰਿਆਂ ਦਾ ਵਿਸ਼ੇਸ਼ ਹਸਪਤਾਲ ਬਣਾਇਆ ਗਿਆ ਹੈ। ਜੇਕਰ ਕਿਸੇ ਮਜ਼ਦੂਰ ਦੀ ਹਾਲਤ ਵਿਗੜਦੀ ਹੈ ਤਾਂ ਉਸ ਨੂੰ ਤੁਰੰਤ ਏਅਰਲਿਫਟ ਕਰਕੇ ਏਮਜ਼ ਰਿਸ਼ੀਕੇਸ਼ ਭੇਜਿਆ ਜਾਵੇਗਾ।
ਚਿਨੂਕ ਹੈਲੀਕਾਪਟਰ ਨੂੰ ਚਿਨਿਆਲੀਸੌਰ ਹਵਾਈ ਅੱਡੇ ‘ਤੇ ਤਾਇਨਾਤ ਕੀਤਾ ਗਿਆ ਹੈ। ਜੇਕਰ ਕਿਸੇ ਮਜ਼ਦੂਰ ਦੀ ਸਿਹਤ ਵਿਗੜਦੀ ਹੈ ਤਾਂ ਉਸ ਨੂੰ ਤੁਰੰਤ ਹੈਲੀਕਾਪਟਰ ਰਾਹੀਂ ਰਿਸ਼ੀਕੇਸ਼ ਏਮਜ਼ ਭੇਜਿਆ ਜਾਵੇਗਾ।