ਚੰਡੀਗ੍ਹੜ, 28 ਨਵੰਬਰ 2023: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ | ਇਸ ਦੌਰਾਨ ਸਵਾਲ-ਜਵਾਬ ਦੌਰ ਦੌਰਾਨ ਮੋਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਬਿਨਾਂ ਲਾਇਸੈਂਸ ਯਾਨੀ ਗ਼ੈਰ-ਕਾਨੂੰਨੀ ਤਰੀਕੇ ਨਾਲ ਚੱਲਣ ਵਾਲੀਆਂ ਟੈਕਸੀਆਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਬਿਨਾ ਲਾਇਸੈਂਸ ਵਾਲੀਆਂ ਟੈਕਸੀਆਂ ਘੁੰਮ ਰਹੀਆਂ ਹਨ, ਜਿਸ ਨਾਲ ਲਾਇਸੈਂਸ ਵਾਲੀਆਂ ਟੈਕਸੀਆਂ ਵਾਲਿਆਂ ਅਤੇ ਪੰਜਾਬ ਸਰਕਾਰ ਨੂੰ ਵੀ ਵਿੱਤੀ ਘਾਟਾ ਹੋ ਰਿਹਾ ਹੈ |
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਵਾਈ ਅੱਡੇ ‘ਤੇ ਹਜਾਰਾਂ ਦੀ ਗਿਣਤੀ ‘ਚ ਟੈਕਸੀਆਂ ਆਉਂਦੀਆਂ ਹਨ, ਜਿਨ੍ਹਾਂ ‘ਚ ਕਈਆਂ ਕੋਲ ਲਾਇਸੈਂਸ ਨਹੀਂ, ਪਰ ਪੀਲੀ ਨੰਬਰ ਪਲੇਟ ਲਗਾ ਕੇ ਘੁੰਮ ਰਹੇ ਹਨ | ਜਿਸ ਦੀ ਰਿਪੋਰਟ ਪਹਿਲਾਂ ਵੀ ਸੰਬੰਧਿਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਰ ਚੁੱਕੇ ਹਨ | ਉਨ੍ਹਾਂ (MLA Kulwant Singh) ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਤੋਂ ਇਸ ‘ਤੇ ਕੀ ਕਾਰਵਾਈ ਹੋਵੇਗੀ ਇਸ ਸੰਬੰਧੀ ਸਵਾਲ ਕੀਤਾ |
ਜਿਸ ‘ਤੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ 2023 ਦੀ ਪਾਲਿਸੀ ‘ਤੇ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਓਲਾ, ਉਬੇਰ ਅਤੇ ਬਲਾ-ਬਲਾ ਟੈਕਸੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਜੇਕਰ ਕੋਈ ਟੈਕਸੀ ਪੀਲੀ ਨੰਬਰ ਪਲੇਟ ਤੋਂ ਬਿਨਾਂ ਚੱਲ ਰਹੀ ਹੈ ਤਾਂ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।