ਐੱਸ.ਏ.ਐੱਸ. ਨਗਰ, 22 ਨਵੰਬਰ 2023: ਸਾਲ 1998 ਬੈਚ ਦੇ ਆਈ.ਪੀ.ਐਸ. ਅਧਿਕਾਰੀ ਜਸਕਰਨ ਸਿੰਘ (IPS Jaskaran Singh) ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਐੱਸ.ਏ.ਐੱਸ.ਨਗਰ, ਮੋਹਾਲੀ ਵਿਖੇ ਏ.ਡੀ.ਜੀ.ਪੀ. ਰੋਪੜ ਰੇਂਜ ਵਜੋਂ ਅਹੁਦਾ ਸੰਭਾਲਿਆ। ਇਸ ਮੌਕੇ ਪੁਲੀਸ ਦੀ ਟੁਕੜੀ ਵੱਲੋਂ ਉਹਨਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਐਸ ਏ ਐਸ ਨਗਰ ਦੇ ਐਸ ਐਸ ਪੀ ਡਾ. ਸੰਦੀਪ ਗਰਗ ਅਤੇ ਐਸ ਪੀ (ਐਚ) ਜਯੋਤੀ ਯਾਦਵ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਜੀ ਆਇਆਂ ਕਿਹਾ।
ਅਹੁਦਾ ਸੰਭਾਲਣ ਮੌਕੇ ਮੀਡੀਆ ਨੂੰ ਮੁਖ਼ਾਤਬ ਹੁੰਦਿਆਂ ਸ. ਜਸਕਰਨ ਸਿੰਘ ਨੇ ਕਿਹਾ ਕਿ ਪੰਜਾਬ ਪੁਲੀਸ ਬਹੁਤ ਹੀ ਕਾਬਲ ਫੋਰਸ ਹੈ ਤੇ ਰੇਂਜ ਅਧੀਨ ਆਉਂਦੇ ਸਾਰੇ ਜ਼ਿਲ੍ਹਿਆਂ ਦੇ ਪੁਲੀਸ ਅਧਿਕਾਰੀਆਂ ਨਾਲ ਚੰਗੇ ਤਾਲਮੇਲ ਨਾਲ ਹਰ ਤਰ੍ਹਾਂ ਦੇ ਗ਼ੈਰਕਾਨੂੰਨੀ ਕੰਮਾਂ ਨੂੰ ਨੱਥ ਪਾਈ ਜਾਵੇਗੀ।
ਸ. ਜਸਕਰਨ ਸਿੰਘ ਨੇ (IPS Jaskaran Singh) ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਡੀ ਜੀ ਪੀ ਗੌਰਵ ਯਾਦਵ ਦੀ ਅਗਵਾਈ ’ਚ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਐਨਫ਼ੋਰਸਮੈਂਟ ਅਤੇ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਦਾ ਕੰਮ ਲੋਕਾਂ ਨੂੰ ਸੁਖਾਵਾਂ ਤੇ ਸੁਰੱਖਿਅਤ ਮਾਹੌਲ ਪ੍ਰਦਾਨ ਕਰਨਾ ਹੈ, ਜਿਸ ਦੀ ਪੂਰਤੀ ਹਿਤ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
ਜ਼ਿਕਰਯੋਗ ਹੈ ਕਿ ਸ. ਜਸਕਰਨ ਸਿੰਘ ਇਸ ਵੇਲੇ ਬਤੌਰ ਰੋਪੜ ਰੇਂਜ ਦੇ ਏ ਡੀ ਜੀ ਪੀ ਦੇ ਨਾਲ ਏ ਡੀ ਜੀ ਪੀ ਇੰਟੈਲੀਜੈਂਸ-2 ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਪੁਲੀਸ ਕਮਿਸ਼ਨਰ, ਅੰਮਿ੍ਰਤਸਰ, ਏ.ਡੀ.ਜੀ.ਪੀ. ਇੰਟੈਲੀਜੈਂਸ, ਡੀ.ਆਈ.ਜੀ. ਜਲੰਧਰ ਰੇਂਜ, ਆਈ.ਜੀ.ਪੀ. ਫਿਰੋਜ਼ਪੁਰ, ਬਠਿੰਡਾ ਤੇ ਲੁਧਿਆਣਾ ਰੇਂਜ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।