tunnel

ਸੁਰੰਗ ‘ਚ ਫਸੇ 41 ਮਜ਼ਦੂਰਾਂ ਦੇ ਅੱਜ ਰਾਤ ਬਾਹਰ ਆਉਣ ਦੀ ਉਮੀਦ, ਠੰਢ ਦੇ ਬਾਵਜੂਦ ਲਗਾਤਾਰ ਕੰਮ ਕਰ ਰਿਹੈ ਬਚਾਅ ਦਲ

ਚੰਡੀਗੜ੍ਹ, 22 ਨਵੰਬਰ 2023: ਉੱਤਰਕਾਸ਼ੀ ਦੀ ਉਸਾਰੀ ਅਧੀਨ ਸਿਲਕਿਆਰਾ ਸੁਰੰਗ (tunnel) ‘ਚ ਹਾਦਸੇ ‘ਚ ਫਸੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹੈ । ਅੱਜ ਬਚਾਅ ਦਾ 11ਵਾਂ ਦਿਨ ਹੈ। ਭਾਰਤ ਸਰਕਾਰ ਦੇ ਸਾਬਕਾ ਸਲਾਹਕਾਰ ਭਾਸਕਰ ਖੁਲਬੇ ਨੇ ਕਿਹਾ ਕਿ ਸੁਰੰਗ ਵਿੱਚ ਡਰਿਲਿੰਗ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮੈਂ ਅਗਲੇ 15 ਘੰਟਿਆਂ ਵਿੱਚ ਵਰਕਰਾਂ ਨੂੰ ਆਹਮੋ-ਸਾਹਮਣੇ ਮਿਲਣਾ ਚਾਹੁੰਦਾ ਹਾਂ। ਉਮੀਦ ਹੈ ਕਿ ਅਜਿਹਾ ਹੋਵੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਫੋਨ ਕੀਤਾ ਅਤੇ ਸਿਲਕਿਆਰਾ ਸੁਰੰਗ (tunnel) ਵਿੱਚ ਫਸੇ ਮਜ਼ਦੂਰਾਂ ਨੂੰ ਭੋਜਨ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਸਪਲਾਈ ਕਰਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਚੱਲ ਰਹੇ ਬਚਾਅ ਕਾਰਜਾਂ ਬਾਰੇ ਜਾਣਕਾਰੀ ਲਈ।

ਔਗਰ ਮਸ਼ੀਨ ਰਾਹੀਂ ਛੇ 800 ਐਮਐਮ ਪਾਈਪ ਵਿਛਾਈਆਂ ਗਈਆਂ ਹਨ। 36 ਮੀਟਰ ਤੱਕ ਡਰਿਲਿੰਗ ਕੀਤੀ ਗਈ ਹੈ। ਸੱਤਵੇਂ ਪਾਈਪ ਦੀ ਵੈਲਡਿੰਗ ਦਾ ਕੰਮ ਚੱਲ ਰਿਹਾ ਹੈ। ਡ੍ਰਿਲਿੰਗ ਇੱਕ ਸਕਾਰਾਤਮਕ ਦਿਸ਼ਾ ਵਿੱਚ ਵਧ ਰਹੀ ਹੈ| ਹੁਣ ਸੁਰੰਗ ਵਿੱਚ ਲਗਭਗ 20 ਤੋਂ 22 ਮੀਟਰ ਦੀ ਦੂਰੀ ਬਚੀ ਹੈ। ਵਰਕਰ ਕਰੀਬ 56 ਮੀਟਰ ਅੰਦਰ ਹਨ। ਅਜਿਹੇ ‘ਚ ਬਚਾਅ ਕਾਰਜ ਲਈ ਅੱਜ ਦਾ ਦਿਨ ਅਹਿਮ ਹੈ।

ਸਾਰੀਆਂ ਏਜੰਸੀਆਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਅਤੇ ਆਈਟੀਬੀਪੀ ਦੇ ਜਵਾਨ ਵੀ ਬਚਾਅ ਕਾਰਜ ‘ਚ ਲੱਗੇ ਹੋਏ ਹਨ। ਇਸ ਖੇਤਰ ਵਿੱਚ ਦਿਨ ਵੇਲੇ ਤੇਜ਼ ਧੁੱਪ ਨਾਲ ਤਾਪਮਾਨ ਆਮ ਵਾਂਗ ਰਹਿੰਦਾ ਹੈ ਪਰ ਸ਼ਾਮ ਨੂੰ ਸੂਰਜ ਛਿਪਣ ਨਾਲ ਠੰਢੀਆਂ ਹਵਾਵਾਂ ਚੁਣੌਤੀ ਬਣ ਰਹੀਆਂ ਹਨ। ਕੜਾਕੇ ਦੀ ਠੰਢ ਦੇ ਬਾਵਜੂਦ ਕਿਸੇ ਵੀ ਬਚਾਅ ਦਲ ਦਾ ਮਨੋਬਲ ਘੱਟ ਨਹੀਂ ਹੈ।

Scroll to Top